Skip to content
ਧਰਮ ਪ੍ਰਚਾਰ ਕਮੇਟੀ ਵੱਲੋਂ ਬੱਚਿਆਂ ਨੂੰ ਸਨਮਾਨ ਪੱਤਰ, ਧਾਰਮਿਕ ਪੁਸਤਕਾਂ ਤੇ ਮੈਡਲ ਦੇ ਕੀਤਾ ਸਨਮਾਨਿਤ
ਬਟਾਲਾ 19 ਜੂਨ ( ਚਰਨਦੀਪ ਬੇਦੀ, ਅਦੱਰਸ਼ ਤੁੱਲੀ, ਰਾਜਨ ਸ਼ਰਮਾ) ਸ਼੍ਰੋਮਣੀ ਕਮੇਟੀ ਹਲਕਾ ਬਟਾਲਾ ਤੋਂ ਧਾਰਮਿਕ ਨੁਮਾਇੰਦਗੀ ਕਰ ਰਹੇ ਧਾਰਮਿਕ ਆਗੂ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤਿ ਦਿਵਸ ਸ਼ਤਾਬਦੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਆਈ ਦਿਵਸ ਸ਼ਤਾਬਦੀ ਨੂੰ ਸਮਰਪਿਤ ਦੇਸ਼ ਭਰ ਵਿਖੇ ਆਰੰਭ ਕੀਤੀ ਗਈ।

ਗੁਰਮਤਿ ਸਿਖਲਾਈ ਸਮਰ ਕੈਂਪ ਦੀ ਲੜੀ ਨੂੰ ਨਿਰੰਤਰ ਜਾਰੀ ਰੱਖਦਿਆਂ ਸ਼੍ਰੋਮਣੀ ਕਮੇਟੀ ਹਲਕਾ ਬਟਾਲਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤਾਰਾ ਚੱਕ ਵਿਖੇ ਬੱਚਿਆਂ ਦਾ ਹਫਤਾਵਾਰੀ ਗੁਰਮਤਿ ਸਿਖਲਾਈ ਸਮਰ ਕੈਂਪ ਲਗਾਇਆ ਗਿਆ।

ਇਸ ਮੌਕੇ ਤੇ ਜਥੇਦਾਰ ਗੋਰਾ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪਿੰਡ ਪਿੰਡ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਰ ਕੈਂਪ ਲਗਾ ਕੇ ਬੱਚਿਆਂ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਕੈਂਪ ਲਗਾਏ ਜਾ ਰਹੇ ਹਨ। ਇਸ ਸਮਰ ਕੈਂਪ ਭਾਈ ਗੁਰਮੁੱਖ ਸਿੰਘ ਖਾਲਸਾ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਭਾਈ ਬਲਬੀਰ ਸਿੰਘ ਸੇਖਵਾਂ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਭਾਈ ਸਿਮਰਨਜੀਤ ਸਿੰਘ ਕੋਟ ਟੋਡਰ ਮੱਲ ਪ੍ਰਚਾਰਕ ਅਤੇ ਭਾਈ ਲਾਲ ਸਿੰਘ ਕਵੀਸ਼ਰ ਜਥਾ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਕੈਂਪ ਵਿੱਚ 28 ਬੱਚਿਆਂ ਨੂੰ ਸਿੱਖ ਧਰਮ ਦੀ ਮੁੱਢਲੀ ਸਿੱਖਿਆ ਦਿੱਤੀ ਗਈ। ਗੁਰਮਤਿ ਸਮਰ ਕੈਂਪ ਦੀ ਸੰਪੂਰਨਤਾ ਮੌਕੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਪਿੰਡ ਤਾਰਾ ਚੱਕ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਵਿਖੇ ਪਹੁੰਚ ਕੇ ਬੱਚਿਆਂ ਨੂੰ ਦਿੱਤੀ ਗਈ ਧਾਰਮਿਕ ਸਿੱਖਿਆ ਦੇ ਸਵਾਲ ਸੰਗਤਾਂ ਤੇ ਮਾਪਿਆਂ ਦੀ ਹਾਜ਼ਰੀ ਵਿੱਚ ਸੁਣੇ ਜਿਸ ਦਾ ਬੱਚਿਆਂ ਨੇ ਸਟੇਜ ਤੇ ਆ ਕੇ ਬਾਖੂਬੀ ਜਵਾਬ ਸੁਣਾਏ। ਸੰਗਤਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।ਅੰਤ ਵਿੱਚ ਜਥੇਦਾਰ ਗੋਰਾ ਨੇ ਪਿੰਡ ਤਾਰਾ ਚੱਕ ਦੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀ, ਮਾਪਿਆਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਾਹਿਬਾਨ ਤੇ ਕਵੀਸ਼ਰ ਜਥੇ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਗੁਰਮਤਿ ਸਮਰ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸ੍ਰ ਸਤਬੀਰ ਸਿੰਘ ਓ ਐਸ ਡੀ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਸ੍ਰ ਬਲਵਿੰਦਰ ਸਿੰਘ ਕਾਹਲਵਾਂ ਸਕੱਤਰ ਧਰਮ ਪ੍ਰਚਾਰ ਕਮੇਟੀ ਵੱਲੋਂ ਭੇਜੇ ਮੈਡਲ, ਧਾਰਮਿਕ ਪੁਸਤਕਾਂ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਭਾਈ ਅਰਜਨ ਸਿੰਘ ਗ੍ਰੰਥੀ,ਸ੍ਰ ਮਹਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰ ਮਨਪ੍ਰੀਤ ਸਿੰਘ ਖਜਾਨਚੀ,ਸ੍ਰ ਰੁਪਿੰਦਰ ਸਿੰਘ ਮੈਂਬਰ ,ਸ੍ਰ ਸਵਿੰਦਰ ਸਿੰਘ ਮੈਂਬਰ,ਸ੍ਰ ਦਵਿੰਦਰ ਸਿੰਘ ਮੈਂਬਰ,ਸ੍ਰ ਸਿਮਰਤਪਾਲ ਸਿੰਘ ਭਾਟੀਆ ਆਦਿ ਨਗਰ ਦੇ ਮੋਹਤਬਰ, ਸੰਗਤਾਂ ਅਤੇ ਬੱਚਿਆਂ ਦੇ ਮਾਤਾ ਪਿਤਾ ਤੇ ਪਰਿਵਾਰਕ ਮੈਂਬਰ ਹਾਜ਼ਰ ਸਨ।
ਫੋਟੋ – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤਾਰਾ ਚੱਕ ਵਿਖੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਬੱਚਿਆਂ ਨੂੰ ਮੈਡਲ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕਰਦੇ ਹੋਏ।