-ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਕਲਾਨੌਰ ਡਵੀਜਨ ਦੇ ਵੱਖ ਵੱਖ ਪਿੰਡਾਂ ਵਿੱਚ ਕਿਸਾਨਾਂ ਨੂੰ ਕੀਤਾ ਜਾਗਰੂਕ
ਕਲਾਨੌਰ, 20 ਅਕਤੂਬਰ ( ਵਰਿੰਦਰ ਬੇਦੀ)-
ਵਾਤਾਵਰਨ ਦੀ ਸੰਭਾਲ ਅਤੇ ਪਰਾਲੀ ਦੇ ਯੋਗ ਪ੍ਰਬੰਧਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਅੰਦਰ ਪਰਾਲੀ ਨਾ ਸਾੜਨ ਦੀ ਜਾਗਰੂਕਤਾ ਲਈ ਮੁਹਿੰਮ ਵਿੱਢੀ ਗਈ । ਜਿਸ ਤਹਿਤ ਐਸ.ਡੀ.ਐਮ. ਕਲਾਨੌਰ ਸ. ਲਛਮਣ ਸਿੰਘ ਰੰਧਾਵਾ ਵਲੋਂ ਡਵੀਜਨ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਕਲਾਨੌਰ, ਹਕੀਂਮਪੁਰ, ਭੰਡਾਲ, ਨਾਨੋਹਾਰਨੀ ਸਮੇਤ ਹੋਰਨਾਂ ਪਿੰਡਾਂ ’ਚ ਜਾ ਕੇ ਕਿਸਾਨਾ ਨੂੰ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ।

ਇਸ ਦੌਰਾਨ ਉਨ੍ਹਾਂ ਨਾਲ ਮਾਲ ਵਿਭਾਗ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੀ ਟੀਮ ਦੇ ਨੁਮਾਇੰਦੇ ਵੀ ਹਾਜ਼ਰ ਰਹੇ। ਐਸ.ਡੀ.ਐਮ. ਰੰਧਾਵਾ ਨੇ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਜਾਗਰੂਕ ਕਰਦਿਆਂ ਕਈ ਨੁੱਕਤੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਥੋੜੀ ਜਿਹੀ ਸਾਵਧਾਨੀ ਨਾਲ ਅਸੀਂ ਵਾਤਾਵਰਨ ਨੂੰ ਬਚਾਉਣ ’ਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਾਂ ਅਤੇ ਜੇਕਰ ਝੋਨੇ ਦੀ ਪਰਾਲੀ ਜਾਂ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਇਹ ਵੱਡੇ ਮਨੁੱਖੀ ਤੇ ਵਾਤਾਵਰਨ ਦੇ ਨੁਕਸਾਨ ਦਾ ਕਾਰਨ ਬਣਦੀ ਹੈ। ਐਸ.ਡੀ.ਐਮ. ਰੰਧਾਵਾ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਅਗਲੀ ਫਸਲ ਬੀਜਣ ਦੇ ਫਾਇਦਿਆਂ ਬਾਰੇ ਵੀ ਜਾਣਕਾਰੀ ਦਿੱਤੀ।

ਸ. ਲਛਮਣ ਸਿੰਘ ਰੰਧਾਵਾ ਨੇ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤ ’ਚ ਹੀ ਸੰਭਾਲਣ ਨਾਲ ਮਿੱਟੀ ’ਚ ਨਮੀਂ ਬਰਕਰਾਰ ਰਹਿੰਦੀ ਹੈ, ਨਦੀਨਾਂ ਦਾ ਵਾਧਾ ਘਟਦਾ ਹੈ, ਸੂਖਮ ਜੀਵਾਂ ਦੀ ਕਿਰਿਆਸ਼ੀਲਤਾ ਵਧਦੀ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਆਧੁਨਿਕ ਮਸ਼ੀਨਰੀ ਅਤੇ ਵਿਗਿਆਨਕ ਤਰੀਕਿਆਂ ਰਾਹੀਂ ਇਸ ਦਾ ਪ੍ਰਬੰਧਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਪੈਦਾ ਹੋਣ ਵਾਲਾ ਧੂੰਆਂ ਮਨੁੱਖੀ ਸਿਹਤ, ਪਸ਼ੂ-ਪੰਛੀਆਂ ਅਤੇ ਵਾਤਾਵਰਨ ਲਈ ਗੰਭੀਰ ਨੁਕਸਾਨਦਾਇਕ ਹੈ। ਇਸ ਮੌਕੇ ’ਤੇ ਨਾਇਬ ਤਹਿਸੀਲਦਾਰ ਸ. ਮਨਮੋਹਨ ਸਿੰਘ, ਕਾਨੂੰਗੋ ਮਨਦੀਪ ਕੁਮਾਰ, ਡਾ. ਅਰਪਨਪ੍ਰੀਤ ਸਿੰਘ ਏ.ਡੀ.ਓ., ਡਾ. ਸੁਖਬੀਰ ਸਿੰਘ ਏ.ਡੀ.ਓ., ਪਟਵਾਰੀ ਸਤਿੰਦਰਪਾਲ ਸਿੰਘ ਢਿੱਲੋਂ, ਜਸਕਰਨ ਸਿੰਘ ਰੰਧਾਵਾ ਪਟਵਾਰੀ ਆਦਿ ਵੀ ਹਾਜ਼ਰ ਰਹੇ।
