ਸਾਬਕਾ ਅੰਤਰਰਾਸ਼ਟਰੀ ਕ੍ਰਿਕੇਟ ਖਿਡਾਰੀ ਮਦਨ ਲਾਲ ਨੇ ਡਿਪਟੀ ਕਮਿਸ਼ਨਰ ਨਾਲ ਕੀਤੀ ਮੀਟਿੰਗ
ਬੀਰ ਅਮਰ, ਮਾਹਲ।
ਮਦਨ ਲਾਲ ਕ੍ਰਿਕਟ ਅਕੈਡਮੀ (ਇੰਡੀਆ) ਨੇ ਐਡਮਜ਼ ਕ੍ਰਿਕੇਟ (ਆਸਟ੍ਰੇਲੀਆ) ਨਾਲ ਮਿਲ ਕੇ ਅੰਮ੍ਰਿਤਸਰ ਸ਼ਹਿਰ ਵਿੱਚ ਭਾਰਤ-ਆਸਟ੍ਰੇਲੀਆ ਯੂਥ ਕੱਪ 2024 ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ। 15 ਅਪ੍ਰੈਲ ਤੋਂ ਕੋਚਾਂ ਦੇ ਨਾਲ ਦੋ ਉਮਰ ਵਰਗ ਦੀਆਂ ਟੀਮਾਂ ਅੰਮ੍ਰਿਤਸਰ ਦਾ ਦੌਰਾ ਕਰਨਗੀਆਂ। ਇਹ ਚੌਥਾ ਪਰ ਪੰਜਾਬ ਦਾ ਪਹਿਲਾ ਦੌਰਾ ਹੈ।
ਇਸ ਸਬੰਧ ਵਿੱਚ ਅੱਜ ਸਾਬਕਾ ਭਾਰਤੀ ਟੈਸਟ ਕ੍ਰਿਕੇਟਰ ਮਦਨ ਲਾਲ ਸ਼ਰਮਾ ਨੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਅੰਮ੍ਰਿਤਸਰ ਦੇ ਨਾਲ-ਨਾਲ ਪੰਜਾਬ ਦੀਆਂ ਸਥਾਨਕ ਟੀਮਾਂ ਅਤੇ ਅਕੈਡਮੀਆਂ ਨੂੰ ਸੱਦਾ ਦੇ ਰਹੇ ਹਾਂ ਜੋ ਕਿ ਇਸ ਖੇਤਰ ਦੇ ਖਿਡਾਰੀਆਂ ਲਈ ਇੱਕ ਵਧੀਆ ਐਕਸਪੋਜਰ ਹੋਵੇਗਾ। ਉਨ੍ਹਾਂ ਦੱਸਿਆ ਕਿ 15 ਅਪ੍ਰੈਲ ਤੋਂ 24 ਅਪ੍ਰੈਲ 2024 ਤੱਕ ਗਾਂਧੀ ਮੈਦਾਨ ਵਿੱਚ ਇਹ ਟੂਰਨਾਮੈਂਟ ਹੋਵੇਗਾ । ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਸਥਾਨਕ ਖਿਡਾਰੀਆਂ ਨੂੰ ਇਸ ਸਾਲ ਦੇ ਅਖੀਰ ਵਿੱਚ ਸਤੰਬਰ ਮਹੀਨੇ ਵਿੱਚ ਟੂਰਨਾਮੈਂਟ ਖੇਡਣ ਲਈ ਆਸਟ੍ਰੇਲੀਆ ਜਾਣ ਦਾ ਮੌਕਾ ਵੀ ਮਿਲੇਗਾ। ਇਸ ਮੌਕੇ ਐਸ.ਡੀ.ਐਮ. ਮਨਕੰਵਲ ਚਾਹਲ ਵੀ ਹਾਜ਼ਰ ਸਨ।
ਕੈਪਸ਼ਨ : ਸਾਬਕਾ ਅੰਤਰਰਾਸ਼ਟਰੀ ਕ੍ਰਿਕੇਟ ਖਿਡਾਰੀ ਮਦਨ ਲਾਲ ਨੇ ਡਿਪਟੀ ਕਮਿਸ਼ਨਰ ਨਾਲ ਕੀਤੀ ਮੀਟਿੰਗ ਕਰਦੇ ਹੋਏ।