ਵਿਰੋਧੀ ਗੁੱਸੇ ‘ਚ ਆ ਕੇ ਜਾਨਲੇਵਾ ਹਮਲੇ ਕਰ ਰਹੇ ਹਨ-ਗੁਰਜੀਤ ਔਜਲਾ
ਔਜਲਾ ਨੇ ਸੁਰੱਖਿਆ ਵਧਾਉਣ ਦੀ ਮੰਗ ਕੀਤੀ, ਔਜਲੇ ਨੇ ਕੁਲਦੀਪ ਧਾਰੀਵਾਲ ਦੇ ਰਿਸ਼ਤੇਦਾਰ ਤੇ ਗੋਲੀ ਕਾਂਡ ਦੇ ਲਾਏ ਦੋਸ਼
ਬੀਰ ਅਮਰ, ਮਾਹਲ। ਸ਼੍ਰੀ ਅੰਮ੍ਰਿਤਸਰ ਸਹਿਬ।
ਐੱਮ.ਆਰ.ਪੈਲੇਸ ਦੇ ਸਾਹਮਣੇ ਭੱਖਾ ਹਰੀ ਸਿੰਘ, ਅਜਨਾਲਾ, ਅੰਮ੍ਰਿਤਸਰ ਦੇ ਸਾਹਮਣੇ ਚਲ ਰਹੀ ਕਾਂਗਰਸੀਆਂ ਦੀ ਰੈਲੀ ਵਿੱਚ ਗੋਲੀ ਚੱਲਣ ਨਾਲ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਪੈਲੇਸ ਦੇ ਬਾਹਰ ਦੋ ਗੱਡੀਆਂ ਵਿੱਚ ਆਰੋਪੀ ਆਏ ਅਤੇ ਦੋ ਕਾਂਗਰਸੀ ਵਰਕਰਾਂ ਲਵਲੀ ਕੁਮਾਰ ਵਾਸੀ ਉਗਰ ਔਲਖ ਅਤੇ ਉਸ ਦੇ ਸਾਥੀ ਬਲਜਿੰਦਰ ਸਿੰਘ ਜੋ ਕਿ ਉੱਥੇ ਹਾਜ਼ਰੀ ਭਰਨ ਆਏ ਸਨ, ’ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ‘ਤੇ ਤਲਵਾਰਾਂ ਨਾਲ ਹਮਲਾ ਕਰਕੇ ਜ਼ਖਮੀ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ, ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ।
ਜਦੋਂ ਹਮਲਾ ਹੋਇਆ ਤਾਂ ਗੁਰਜੀਤ ਸਿੰਘ ਔਜਲਾ ਅੰਦਰ ਸਟੇਜ ‘ਤੇ ਸੰਬੋਧਨ ਕਰ ਰਹੇ ਸਨ। ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਉਕਤ ਵਰਕਰ ਆਪਣੇ ਸਾਥੀਆਂ ਨਾਲ ਰੈਲੀ ਵਿਚ ਪਹੁੰਚਿਆ ਸੀ ਅਤੇ ਜਿਵੇਂ ਹੀ ਉਹ ਪਾਣੀ ਪੀਣ ਲਈ ਬਾਹਰ ਨਿਕਲਿਆ ਤਾਂ ਉਸ ਦੇ ਹੀ ਪਿੰਡ ਦੇ ਕੁਝ ਵਿਅਕਤੀਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਜ਼ਖਮੀ ਹੋ ਗਿਆ।ਗੁਰਜੀਤ ਸਿੰਘ ਔਜਲਾ ਨੇ ਇਸ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਅਤੇ ਹਜ਼ਾਰਾਂ ਲੋਕਾਂ ਦੀ ਰੈਲੀ ਵਿੱਚ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਲਈ ਹਿੰਮਤ ਦੀ ਲੋੜ ਹੁੰਦੀ ਹੈ ਅਤੇ ਅਜਿਹੀ ਹਿੰਮਤ ਬਿਨਾਂ ਕਿਸੇ ਸ਼ਿਹ ਦੇ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਗੋਲੀ ਚਲਾਉਣ ਵਾਲਾ ਆਮ ਆਦਮੀ ਪਾਰਟੀ ਦਾ ਆਗੂ ਕੁਲਦੀਪ ਸਿੰਘ ਧਾਲੀਵਾਲ ਦੇ ਮਾਸਟਰ ਮਾਈਂਡ ਸੁਬੇਗ ਸਿੰਘ ਦਾ ਰਿਸ਼ਤੇਦਾਰ ਹੈ। ਉਨ੍ਹਾਂ ਕਿਹਾ ਕਿ ਅਜਿਹੀ ਗੁੰਡਾਗਰਦੀ ਬੇਹਦ ਨਿੰਦਨੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਲੜੋ, ਪ੍ਰਚਾਰ ਕਰੋ ਪਰ ਲੋਕਾਂ ਨੂੰ ਡਰਾਉਣਾ ਬੰਦ ਕਰੋ। ਉਨ੍ਹਾਂ ਕਿਹਾ ਕਿ ਉਹ ਜਾਨਲੇਵਾ ਹਮਲਿਆਂ ਨਾਲ ਲੋਕਾਂ ਨੂੰ ਡਰਾ ਕੇ ਜਿੱਤ ਹਾਸਲ ਕਰਨਾ ਚਾਹੁੰਦੇ ਹਨ ਪਰ ਸੱਤਾ ਵਿੱਚ ਆਉਣ ਲਈ ਅਜਿਹੇ ਹੱਥਕੰਡੇ ਅਪਨਾਉਣਾ ਸ਼ਰਮਨਾਕ ਹੈ। ਇਸ ਮੌਕੇ ਸਾਬਕਾ ਡਿਪਟੀ ਸੀ.ਐਮ ਓ.ਪੀ.ਸੋਨੀ, ਸਾਬਕਾ ਵਿਧਾਇਕ ਡਾ: ਰਾਜ ਕੁਮਾਰ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਸ਼ਵਨੀ ਪੱਪੂ, ਕੌਂਸਲਰ ਸੰਦੀਪ ਸ਼ਰਮਾ ਰਿੰਕਾ, ਕਾਂਗਰਸੀ ਆਗੂ ਸੰਜੀਵ ਅਰੋੜਾ ਨੇ ਇਸ ਮਾਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਪੁਲਿਸ ਅਤੇ. ਚੋਣ ਕਮਿਸ਼ਨ ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਚੋਣਾਂ ਸ਼ਾਂਤੀਪੂਰਵਕ ਕਰਵਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਪੁਲੀਸ ਅਤੇ ਪ੍ਰਸ਼ਾਸਨ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇਗੀ।
ਇਸ ਸਬੰਧੀ ਜਦ ਚੋਣ ਦੰਗਲ ਵਿੱਚ ਉਤਰੇ ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਧਾਰੀਵਾਲ ਨੂੰ ਫੋਨ ਕੀਤਾ ਤਾਂ ਉਹਨਾਂ ਦੇ ਇੱਕ ਨਿੱਜੀ ਸਾਥੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਉਹਨਾਂ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਦਾ ਇਸ ਗੋਲੀਕਾਂਡ ਦੇ ਨਾਲ ਦੂਰ ਦੂਰ ਦਾ ਵੀ ਵਾਸਤਾ ਨਹੀਂ ਹੈ। ਧਾਰੀਵਾਲ ਦੇ ਕਿਸੇ ਵੀਰ ਰਿਸ਼ਤੇਦਾਰ ਵੱਲੋਂ ਗੋਲੀ ਚੱਲਣ ਦੇ ਮਾਮਲੇ ਵਿੱਚ ਸ਼ਮੂਲੀਅਤ ਨਹੀਂ ਹੈ।