Fri. Jul 25th, 2025

ਧਰਮ ਪ੍ਰਚਾਰ ਕਮੇਟੀ ਵੱਲੋਂ ਬੱਚਿਆਂ ਨੂੰ ਸਨਮਾਨ ਪੱਤਰ, ਧਾਰਮਿਕ ਪੁਸਤਕਾਂ ਤੇ ਮੈਡਲ ਦੇ ਕੀਤਾ ਸਨਮਾਨਿਤ

ਬਟਾਲਾ 14 ਜੂਨ ( ਚਰਨਦੀਪ ਬੇਦੀ, ਅਦੱਰਸ਼ ਤੁੱਲੀ, ਸੁਮਿਤ ਨੌਰੰਗ )

ਬੱਚਿਆਂ ਨੂੰ ਗੁਰਸਿੱਖੀ ਤੇ ਗੁਰਬਾਣੀ ਨਾਲ ਜੋੜਨਾ ਮੇਰੀ ਜ਼ਿੰਦਗੀ ਦਾ ਮੁੱਖ ਮਕਸਦ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਹਲਕਾ ਬਟਾਲਾ ਤੋਂ ਧਾਰਮਿਕ ਨੁਮਾਇੰਦਗੀ ਕਰ ਰਹੇ ਧਾਰਮਿਕ ਆਗੂ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤਿ ਦਿਵਸ ਸ਼ਤਾਬਦੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਆਈ ਦਿਵਸ ਸ਼ਤਾਬਦੀ ਨੂੰ ਸਮਰਪਿਤ ਦੇਸ਼ ਭਰ ਵਿਖੇ ਆਰੰਭ ਕੀਤੀ ਗਈ ਗੁਰਮਤਿ ਸਿਖਲਾਈ ਸਮਰ ਕੈਂਪ ਦੀ ਲੜੀ ਨੂੰ ਨਿਰੰਤਰ ਜਾਰੀ ਰੱਖਦਿਆਂ ਸ਼੍ਰੋਮਣੀ ਕਮੇਟੀ ਹਲਕਾ ਬਟਾਲਾ ਦੇ ਗੁਰਦੁਆਰਾ ਸਾਹਿਬ ਪਿੰਡ ਮੁਰਾਦਪੁਰ ਵਿਖੇ ਬੱਚਿਆਂ ਦਾ ਪਹਿਲਾ ਹਫਤਾਵਾਰੀ ਗੁਰਮਤਿ ਸਿਖਲਾਈ ਸਮਰ ਕੈਂਪ ਦੀ ਸੰਪੂਰਨਤਾ ਮੌਕੇ ਸੰਬੋਧਨ ਕਰਦਿਆਂ ਪ੍ਰਗਟਾਏ।

ਜਥੇਦਾਰ ਗੋਰਾ ਨੇ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪਿੰਡ ਪਿੰਡ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਰ ਕੈਂਪ ਲਗਾ ਕੇ ਬੱਚਿਆਂ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਕੈਂਪ ਲਗਾਏ ਜਾ ਰਹੇ ਹਨ। ਇਸ ਸਮਰ ਕੈਂਪ ਭਾਈ ਬਲਬੀਰ ਸਿੰਘ ਸੇਖਵਾਂ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਭਾਈ ਸਿਮਰਨਜੀਤ ਸਿੰਘ ਕੋਟ ਟੋਡਰ ਮੱਲ ਪ੍ਰਚਾਰਕ, ਭਾਈ ਗੁਰਮੁੱਖ ਸਿੰਘ ਖਾਲਸਾ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਅਤੇ ਭਾਈ ਲਾਲ ਸਿੰਘ ਕਵੀਸ਼ਰ ਜਥਾ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਕੈਂਪ ਵਿੱਚ 26 ਬੱਚਿਆਂ ਨੂੰ ਸਿੱਖ ਧਰਮ ਦੀ ਮੁੱਢਲੀ ਸਿੱਖਿਆ ਦਿੱਤੀ ਗਈ। ਗੁਰਮਤਿ ਸਮਰ ਕੈਂਪ ਦੀ ਸੰਪੂਰਨਤਾ ਮੌਕੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਪਿੰਡ ਮੁਰਾਦਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਬੱਚਿਆਂ ਨੂੰ ਦਿੱਤੀ ਗਈ ਧਾਰਮਿਕ ਸਿੱਖਿਆ ਦੇ ਸਵਾਲ ਸੰਗਤਾਂ ਤੇ ਮਾਪਿਆਂ ਦੀ ਹਾਜ਼ਰੀ ਵਿੱਚ ਸੁਣੇ ਜਿਸ ਦਾ ਬੱਚਿਆਂ ਨੇ ਸਟੇਜ ਤੇ ਆ ਕੇ ਬਾਖੂਬੀ ਜਵਾਬ ਸੁਣਾਏ। ਸੰਗਤਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।ਅੰਤ ਵਿੱਚ ਜਥੇਦਾਰ ਗੋਰਾ ਨੇ ਪਿੰਡ ਮੁਰਾਦਪੁਰ ਦੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀ, ਮਾਪਿਆਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਾਹਿਬਾਨ ਤੇ ਕਵੀਸ਼ਰ ਜਥੇ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਗੁਰਮਤਿ ਸਮਰ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸ੍ਰ ਸਤਬੀਰ ਸਿੰਘ ਓ ਐਸ ਡੀ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਸ੍ਰ ਬਲਵਿੰਦਰ ਸਿੰਘ ਕਾਹਲਵਾਂ ਸਕੱਤਰ ਧਰਮ ਪ੍ਰਚਾਰ ਕਮੇਟੀ ਵੱਲੋਂ ਭੇਜੇ ਮੈਡਲ, ਧਾਰਮਿਕ ਪੁਸਤਕਾਂ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਤੇ ਸ੍ਰ ਸੁਲੱਖਣ ਸਿੰਘ ਹਰਪੁਰਾ, ਸ੍ਰ ਸੰਤੋਖ ਸਿੰਘ,ਸ੍ਰ ਮਹਿੰਦਰ ਸਿੰਘ,ਸ੍ਰ ਜਸਪਾਲ ਸਿੰਘ,ਸ੍ਰ ਲਖਵਿੰਦਰ ਸਿੰਘ,ਸ੍ਰ ਰਣਜੋਧ ਸਿੰਘ,ਸ੍ਰ ਗੁਰਪ੍ਰੀਤ ਸਿੰਘ,ਸ੍ਰ ਜਗਤਾਰ ਸਿੰਘ,ਸ੍ਰ ਸਿਮਰਤਪਾਲ ਸਿੰਘ ਭਾਟੀਆ ਆਦਿ ਨਗਰ ਦੇ ਮੋਹਤਬਰ, ਸੰਗਤਾਂ ਅਤੇ ਬੱਚਿਆਂ ਦੇ ਮਾਤਾ ਪਿਤਾ ਤੇ ਪਰਿਵਾਰਕ ਮੈਂਬਰ ਹਾਜ਼ਰ ਸਨ।

ਫੋਟੋ – ਗੁਰਦੁਆਰਾ ਸਾਹਿਬ ਪਿੰਡ ਮੁਰਾਦਪੁਰ ਵਿਖੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਬੱਚਿਆਂ ਨੂੰ ਮੈਡਲ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕਰਦੇ ਹੋਏ।

Leave a Reply

Your email address will not be published. Required fields are marked *