Fri. Jul 25th, 2025

ਗੁਰਮੀਤ ਬਾਵਾ ਦੀਆਂ ਦੁਕਾਨਾਂ ਉੱਤੇ ਕੀਤੇ ਨਾਜਾਇਜ ਕਬਜੇ ਛੱਡਣ ਦੁਕਾਨਦਾਰ – ਧਾਲੀਵਾਲ

ਬੀਰ ਅਮਰ ਮਾਹਲ। ਸ੍ਰੀ ਅੰਮ੍ਰਿਤਸਰ ਸਾਹਿਬ।

ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪੰਜਾਬ ਦੀ ਪ੍ਰਸਿੱਧ ਗਾਇਕਾ ਗੁਰਮੀਤ ਬਾਵਾ ਦੇ ਪਰਿਵਾਰ ਜਿਸ ਵਿੱਚ ਉਹਨਾਂ ਦੀ ਧੀ ਗਲੋਰੀ ਬਾਵਾ ਸ਼ਾਮਿਲ ਹੈ, ਨੂੰ ਇੱਕ ਲੱਖ ਰੁਪਏ ਪਰਿਵਾਰ ਦੇ ਪਾਲਣ ਪੋਸ਼ਣ ਲਈ ਦਿੱਤੇ। ਇਸ ਮੌਕੇ ਉਹਨਾਂ ਨੇ ਰੈਡ ਕਰਾਸ ਅੰਮ੍ਰਿਤਸਰ ਵੱਲੋਂ ਵੀ ਇੱਕ ਲੱਖ ਰੁਪਏ ਦਾ ਚੈੱਕ ਪਰਿਵਾਰ ਨੂੰ ਸੌਂਪਿਆ ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਅਤੇ ਹੋਰ ਅਧਿਕਾਰੀ ਵੀ ਉਹਨਾਂ ਨਾਲ ਸਨ ।ਲੋਕ ਗਾਇਕਾ ਗੁਰਮੀਤ ਬਾਵਾ ਦੇ ਘਰ ਪਹੁੰਚੇ ਸ ਧਾਲੀਵਾਲ ਨੇ ਪਰਿਵਾਰ ਨੂੰ ਵਿੱਤੀ ਯੋਗਦਾਨ ਦਿੰਦੇ ਹੋਏ ਬੜੇ ਦੁਖੀ ਮਨ ਨਾਲ ਕਿਹਾ ਕਿ ਸਾਡੀ ਉਹ ਗਾਇਕਾ ਜਿਸ ਨੇ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਵਿਸ਼ਵ ਦੇ ਕੋਨੇ ਕੋਨੇ ਵਿੱਚ ਪਹੁੰਚਾਇਆ ਦੇ ਘਰੇਲੂ ਹਾਲਾਤ ਕੁਝ ਕੁਦਰਤੀ ਕਾਰਨਾਂ ਕਰਨ ਇੰਨੇ ਖਰਾਬ ਹੋ ਗਏ ਕਿ ਉਹਨਾਂ ਦੀ ਧੀ ਗਲੋਰੀ ਬਾਵਾ ਨੇ ਸੋਸ਼ਲ ਮੀਡੀਆ ਉੱਤੇ ਇਸ ਗੱਲ ਦਾ ਜ਼ਿਕਰ ਕੀਤਾ। ਜਿਸ ਨੂੰ ਪੜ੍ਹ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਮੈਂ ਅੱਜ ਪਰਿਵਾਰ ਦਾ ਸਾਥ ਦੇਣ ਲਈ ਅੱਗੇ ਆਇਆ , ਪਰ ਇੱਥੇ ਆ ਕੇ ਇਹ ਸੁਣ ਕੇ ਮਨ ਹੋਰ ਵੀ ਬਹੁਤ ਦੁਖੀ ਹੋਇਆ ਕਿ ਪਰਿਵਾਰ ਦੀਆਂ ਪੰਜ ਦੁਕਾਨਾਂ ਜੋ ਕਿ ਇਹਨਾਂ ਦੀ ਰੋਜੀ ਰੋਟੀ ਦਾ ਸਾਧਨ ਹਨ, ਉੱਤੇ ਵੀ ਕੁਝ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ । ਉਹ ਲੋਕ ਨਾ ਤਾਂ ਕਰਾਇਆ ਦੇ ਰਹੇ ਹਨ ਅਤੇ ਨਾ ਹੀ ਦੁਕਾਨਾਂ ਖਾਲੀ ਕਰ ਰਹੇ ਹਨ। ਸ ਧਾਲੀਵਾਲ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਫਲਸਫੇ ਉੱਤੇ ਚੱਲਣ ਵਾਲੇ ਪੰਜਾਬੀ ਅਤੇ ਬਾਬੇ ਬੁੱਲੇ ਸ਼ਾਹ ਦੇ ਪੰਜਾਬ ਦੇ ਵਾਸੀ ਪੰਜਾਬੀ ਅੱਜ ਕਿਹੜੇ ਰਾਹ ਪੈ ਗਏ ਕਿ ਆਪਣੇ ਹੀ ਲੋਕਾਂ ਦੀ ਜਾਇਦਾਤਾਂ ਉੱਤੇ ਕਬਜ਼ੇ ਕਰ ਰਹੇ ਹਨ। ਉਹ ਬੱਚੀ ਜੋ ਕਿ ਆਪਣੀ ਭੈਣ ਡੌਲੀ ਦੀ ਮੌਤ ਤੋਂ ਬਾਅਦ ਦੋ ਪਰਿਵਾਰਾਂ ਦਾ ਪਾਲਣ ਪੋਸਣ ਕਰ ਰਹੀ ਹੈ ਅਤੇ ਇਹ ਦੁਕਾਨਾਂ ਦੀ ਆਮਦਨ ਉਸ ਦਾ ਗੁਜ਼ਾਰਾ ਕਰ ਸਕਦੀ ਹੈ, ਵੀ ਅਸੀਂ ਦੇਣ ਨੂੰ ਤਿਆਰ ਨਹੀਂ । ਉਹਨਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਭਲੇਮਾਣਸੀ ਨਾਲ ਇਹ ਦੁਕਾਨਾਂ ਦਾ ਕਿਰਾਇਆ ਦੇਣਾ ਸ਼ੁਰੂ ਕਰਨ ਜਾਂ ਦੁਕਾਨਾਂ ਖਾਲੀ ਕਰਨ ਨਹੀਂ ਤਾਂ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ।
ਸ ਧਾਲੀਵਾਲ ਨੇ ਇਸ ਮੌਕੇ ਪੰਜਾਬ ਦੇ ਗਾਇਕਾਂ ਖਾਸ ਕਰਕੇ ਨਵੇਂ ਪੀੜੀ ਦੇ ਗਾਇਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੁਰਮੀਤ ਬਾਵਾ ਦੇ ਪਰਿਵਾਰ ਦਾ ਖੁੱਲ ਕੇ ਸਾਥ ਦੇਣ ਤਾਂ ਜੋ ਪਰਿਵਾਰ ਨੂੰ ਇਸ ਔਖੀ ਘੜੀ ਵਿੱਚੋਂ ਕੱਢਿਆ ਜਾ ਸਕੇ।

ਕੈਪਸਨ। ਮਰਹੂਮ ਲੋਕ ਗਾਇਕਾ ਗੁਰਮੀਤ ਬਾਵਾ ਦੇ ਘਰ ਉਹਨਾਂ ਦੀ ਪੁੱਤਰੀ ਗਲੋਰੀ ਬਾਵਾ ਨੂੰ ਵਿੱਤੀ ਸਹਾਇਤਾ ਦੇਣ ਪੁੱਜੇ ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਧਾਰੀਵਾਲ ਅਤੇ ਡਿਪਟੀ ਕਮਿਸ਼ਨਰ ਘਣਸ਼ਾਂਮ ਥੋਰੀ ਅੰਮ੍ਰਿਤਸਰ।

Leave a Reply

Your email address will not be published. Required fields are marked *