ਕਲਾਨੌਰ , 16 ਜੁਲਾਈ ( ਵਰਿੰਦਰ) –
ਸਰਹੱਦੀ ਕਸਬਾ ਦੇ ਡਾਕਟਰ ਵਰਿੰਦਰ ਸਿੰਘ ਬੇਦੀ ਦੇ ਹੋਣਹਾਰ ਸਪੁੱਤਰ ਦਾਨਿਸ਼ ਬੇਦੀ ਨੇ ਸੀ.ਏ. (ਚਾਰਟਡ ਅਕਾਊਂਟੈਂਟ ) ਦੀ ਪ੍ਰੀਖਿਆ ਪਾਸ ਕਰਨ ਉਪਰੰਤ ਲੁਧਿਆਣਾ ਵਿਖੇ ਹੋਏ ਸਮਾਗਮ ਦੌਰਾਨ ਸੀ.ਏ ਦੀ ਡਿਗਰੀ ਪ੍ਰਾਪਤ ਕਰਕੇ ਕਲਾਨੌਰ ਸਮੇਤ ਜ਼ਿਲ੍ਹੇ ਗੁਰਦਾਸਪੁਰ ਦਾ ਨਾਮ ਰੋਸ਼ਨ ਕਰਕੇ ਨੌਜਵਾਨਾਂ ਲਈ ਪ੍ਰੇਣਾਸ੍ਰੋਤ ਬਣੇ ਹਨ ਉਥੇ ਹੀ ਸੀ.ਏ. ਦਾਨਿਸ਼ ਬੇਦੀ ਨੇ ਆਪਣੇ ਪੜਦਾਦਾ ਮਰਹੂਮ ਆਯੁਰਵੈਦਰਾਜ ਬਾਬਾ ਭਾਗ ਮੱਲ ਬੇਦੀ , ਦਾਦਾ ਮਰਹੂਮ ਡਾ . ਲਾਭ ਸਿੰਘ ਬੇਦੀ ਦੇ ਮਸ਼ਹੂਰ ਪਰਿਵਾਰ ਸਮੇਤ ਕਲਾਨੌਰ ਦਾ ਨਾਂਅ ਵੀ ਰੋਸ਼ਨ ਕੀਤਾ ਹੈ ।
ਸੀ ਏ ਦਾਨਿਸ਼ ਬੇਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਾ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਵੱਲੋਂ ਬੀਤੇ ਦਿਨ ਲੁਧਿਆਣਾ ਵਿਖੇ ਸੀ ਏ ਦੀਆਂ ਡਿਗਰੀਆਂ ਦੇਣ ਸਬੰਧੀ ਆਯੋਜਿਤ ਸਮਾਗਮ ‘ ਚ ਡਿਗਰੀ ਪ੍ਰਾਪਤ ਕੀਤੀ ਹੈ । ਡਿਗਰੀ ਵੰਡ ਸਮਾਗਮ ਦੌਰਾਨ ਲੁਧਿਆਣਾ ਬ੍ਰਾਂਚ ਚੇਅਰਮੈਨ ਸੀ.ਏ. ਸੈਂਟਰਲ ਸੁਭਾਸ਼ ਬਾਂਸਲ , ਐਨ.ਆਈ.ਆਰ.ਸੀ. ਮੀਤ ਪ੍ਰਧਾਨ ਸੀ.ਏ. ਸਾਲਿਨੀ ਗੁਪਤਾ , ਸੈਂਟਰਲ ਕੌਂਸਲ ਮੈਂਬਰ ( ਐੱਨ.ਆਈ.ਆਰ.ਸੀ. ) ਸੀ.ਏ. ਪ੍ਰਮੋਧ ਜੈਨ , ਐਨ.ਆਈ.ਆਰ.ਸੀ. ਮੈਂਬਰ ਸੀ.ਏ. ਦਾਨਿਸ਼ ਸ਼ਰਮਾ , ਸੀ.ਏ. ਅਵਨੀਤ ਸਿੰਘ , ਸੀ.ਏ. ਵਾਸੂ ਅਗਰਵਾਲ ਵੀ ਹਾਜ਼ਰ ਰਹੇ ਅਤੇ ਉਨ੍ਹਾਂ ਵਲੋਂ ਕਲਾਨੌਰ ਦੇ ਦਾਨਿਸ਼ ਬੇਦੀ ਵਲੋਂ ਸੀ.ਏ. ਬਣਨ ਲਈ ਕੀਤੀ ਗਈ ਮਿਹਨਤ ਦੀ ਸ਼ਾਲਾਘਾ ਕੀਤੀ ।
ਇਥੇ ਇਹ ਵੀ ਦੱਸਣਯੋਗ ਹੈ ਕਿ ਸੀ ਏ ਦਾਨਿਸ਼ ਬੇਦੀ ਦੀ ਵੱਡੀ ਭੈਣ ਗੀਤਾਂਜਲੀ ਬੇਦੀ ਵਲੋਂ ਵੀ ਸੀ.ਐੱਸ . ( ਕੰਪਨੀ ਸੈਕਟਰੀ ) ਦੀ ਪ੍ਰੀਖਿਆ ਪਾਸ ਕਰਕੇ ਡਿਗਰੀ ਹਾਸਲ ਕੀਤੀ ਹੋਈ ਹੈ ਅਤੇ ਕਲਾਨੌਰ ਖੇਤਰ ਲਈ ਮਾਣ ਵਾਲੀ ਗੱਲ ਹੈ ਕਿ ਇੱਥੋਂ ਦੇ ਬੱਚੇ ਸੀ.ਏ. ਅਤੇ ਸੀ.ਐੱਸ . ਬਣੇ ਹਨ ।