Sat. Jul 26th, 2025

ਕਲਾਨੌਰ , 7 ਸਤੰਬਰ (ਵਰਿੰਦਰ ਸਿੰਘ ਬੇਦੀ )-ਨੇੜਲੇ ਪਿੰਡ ਕਿਲਾ ਨੱਥੂ ਸਿੰਘ ਦੇ ਡੀਪੂ ਹੋਲਡਰ ਵਲੋਂ ਫੂਡ ਸਪਲਾਈ ਨਿਰੀਖਕ ’ਤੇ ਅਣਪਛਾਤੇ ਵਿਅਕਤੀਆਂ ਨੂੰ ਘਰ ਲਿਆ ਕੇ ਤੰਗ ਪ੍ਰੇਸ਼ਾਨ ਦੇ ਮਾਮਲੇ ’ਚ ਕਾਰਵਾਈ ਲਈ ਡੀ.ਐਫ.ਐਸ.ਸੀ. ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ।

ਜਾਣਕਾਰੀ ਸਾਂਝੀ ਕਰਦਿਆਂ ਪਿੰਡ ਕਿਲਾ ਨੱਥੂ ਸਿੰਘ ਦੇ ਡੀਪੂ ਹੋਲਡਰ ਸੁਖਵਿੰਦਰਪਾਲ ਨੇ ਦੱਸਿਆ ਕਿ ਉਹ ਹਮੇਸ਼ਾਂ ਹੀ ਆਪਣੇ ਖਪਤਕਾਰਾਂ ਨੂੰ ਸਰਕਾਰ ਵਲੋਂ ਨਿਰਧਾਰਿਤ ਕੀਤਾ ਗਿਆ ਰਾਸ਼ਨ ਮੁਹੱਈਆ ਕਰਾਊਣ ਲਈ ਯਤਨਸ਼ੀਲ ਰਹਿੰਦੇ ਹਨ ਅਤੇ ਖਪਤਕਾਰਾਂ ਨੂੰ ਵੰਡਣ ਵਾਲਾ ਰਾਸਣ ਵੀ ਵਿਭਾਗ ਕੋਲੋਂ ਪੂਰਾ ਪ੍ਰਾਪਤ ਕਰਨ ਲਈ ਜਦੋਜਹਿਦ ਕਰਦੇ ਆ ਰਹੇ ਹਨ। ਸੁਖਵਿੰਦਰਪਾਲ ਨੇ ਦੱਸਿਆ ਕਿ 2 ਸਤੰਬਰ ਨੂੰ ਇੰਸਪੈਕਟਰ ਲਵਪ੍ਰੀਤ ਸਿੰਘ ਨੇ ਫੋਨ ਕਰਕੇ ਰਾਸ਼ਣ ਮੁਹੱਈਆ ਕਰਵਾਇਆ ਗਿਆ ਅਤੇ ਇਸ ਦੌਰਾਨ ਜਦੋਂ ਉਹ ਆਪਣੇ ਡੀਪੂ ’ਤੇ ਕਣਕ ਦੀ ਉਤਰਾਈ ਕਰਵਾ ਰਹੇ ਸਨ ਤਾਂ ਗੱਡੀ ਦੇ ਡਰਾਈਵਰ ਨੂੰ ਸੁਰਿੰਦਰ ਕੁਮਾਰ ਇੰਸਪੈਕਟਰ ਦਾ ਫੋਨ ਆਇਆ ਅਤੇ ਉਸ ਨੇ ਮੇਰੀ ਗੱਲ ਕਰਵਾ ਦਿੱਤੀ ਅਤੇ ਉਕਤ ਇੰਸਪੈਕਟਰ ਨੇ ਮੇਰੇ ਨਾਲ ਭੱਦੀ ਸ਼ਬਦਾਵਲੀ ਵਰਤੀ ਗਈ ਅਤੇ ਕਣਕ ਨਾ ਵੰਡਣ ਸਬੰਧੀ ਧਮਕੀ ਦਿੱਤੀ ਗਈ। ਸੁਖਵਿੰਦਰਪਾਲ ਨੇ ਦੱਸਿਆ ਕਿ ਜੋ ਉਸ ਵਲੋਂ ਪਿੰਡ ’ਚ ਪਰਚੀਆਂ ਕੱਟੀਆਂ ਸੀ ਉਹ ਕਣਕ ਦੀ ਵੰਡ ਕੀਤੀ ਜਾਣੀ ਸੀ। ਦਰਖਾਸਕਰਤਾ ਨੇ ਦੱਸਿਆ ਕਿ 4 ਸਤੰਬਰ ਨੂੰ ਇੰਸਪੈਕਟਰ ਸੁਰਿੰਦਰ ਕੁਮਾਰ ਬਿਨ੍ਹਾਂ ਦੱਸੇ ਉਸ ਦੇ ਘਰ ਕਿਲਾ ਨੱਥੂ ਸਿੰਘ ਵਿਖੇ ਅਣਪਛਾਤੇ ਵਿਅਕਤੀਆਂ ਨਾਲ ਆਇਆ ਜਿਸ ਦੀ ਸੀ.ਸੀ.ਟੀ.ਵੀ. ਫੁਟੇਜ਼ ਉਨ੍ਹਾਂ ਕੋਲ ਮੌਜੂਦ ਹੈ। ਅਤੇ ਉਸ ਦੇ ਘਰ ’ਚ ਪਰਿਵਾਰਕ ਜੀਆਂ ਅਤੇ ਉਸ ਨਾਲ ਬਦਸਲੂਕੀ ਕੀਤੀ ਗਈ। ਸੁਖਵਿੰਦਰਪਾਲ ਨੇ ਦੱਸਿਆ ਕਿ ਉਕਤ ਨਿਰੀਖਕ ਉਨ੍ਹਾਂ ਨੂੰ ਰਾਸ਼ਣ ਘੱਟ ਭੇਜਦਾ ਹੈ ਅਤੇ ਤੇਲ ਖਰਚੇ ਦੀ ਮੰਗ ਕਰਦਾ ਆ ਰਿਹਾ ਹੈ। ਅਤੇ ਉਕਤ ਇੰਸਪੈਕਟਰ ਖਿਲਾਫ ਪਹਿਲਾਂ ਵੀ ਬਟਾਲਾ ਵਿਖੇ ਕਣਕ ਦੇ ਗਬਨ ਸਬੰਧੀ ਅਤੇ ਇੱਕ ਮਾਮਲਾ ਜਲੰਧਰ ਵਿਖੇ ਵੀ ਵਿਜੀਲੈਂਸ ਵਲੋਂ ਵੀ ਦਰਜ ਕੀਤਾ ਗਿਆ ਸੀ। ਸੁਖਵਿੰਦਰਪਾਲ ਨੇ ਮੁੱਖ ਮੰਤਰੀ ਪੰਜਾਬ, ਖੁਰਾਕ ਤੇ ਸਿਵਲ ਸਪਲਾਈ ਮਾਮਲੇ ਦੇ ਕੈਬਨਿਟ ਮੰਤਰੀ, ਡਾਇਰੈਕਟਰ ਖੁਰਾਕ ਸਪਲਾਈ ਚੰਡੀਗੜ੍ਹ, ਡੀ.ਸੀ.ਗੁਰਦਾਸਪੁਰ, ਐਸ.ਐਸ.ਪੀ. ਗੁਰਦਾਸਪੁਰ ਨੂੰ ਵੀ ਉਕਤ ਨਿਰੀਖਕ ਖਿਲਾਫ ਕਾਰਵਾਈ ਲਈ ਪੱਤਰ ਭੇਜ ਕੇ ਨਿਰੀਖਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ।

ਓਧਰ ਨਿਰੀਖਕ ਸੁਰਿੰਦਰ ਕੁਮਾਰ ਸ਼ਰਮਾਂ ਨੇ ਗੱਲਬਾਤ ਦੌਰਾਨ ਡੀਪੂ ਹੋਲਡਰ ਵਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਸ ਵਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਪਣੀ ਡਿਊਟੀ ਨਿਭਾਈ ਹੈ ਅਤੇ ਉਹ ਭਵਿੱਖ ’ਚ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ।

—– ਡੀ.ਐਫ.ਐਸ.ਸੀ. ਗੁਰਦਾਸਪੁਰ ਨੂੰ ਮੰਗ ਪੱਤਰ ਦਿੰਦੇ ਹੋਏ ਡੀਪੂ ਹੋਲਡਰ ਸੁਖਵਿੰਦਰਪਾਲ ਅਤੇ ਹੋਰ।

Leave a Reply

Your email address will not be published. Required fields are marked *