ਕਲਾਨੌਰ, 26 ਸਤੰਬਰ (ਵਰਿੰਦਰ ਬੇਦੀ)-
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ 28 ਸਤੰਬਰ ਨੂੰ ਕਲਾਨੌਰ ਦੇ ਪ੍ਰਾਚੀਨ ਸ਼ਿਵ ਮੰਦਿਰ ’ਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਤੇ ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਵਲੋਂ ਇਲਾਕੇ ਦੇ ਸਮਾਜਸੇਕਾਂ ਦੀ ਮਦਦ ਨਾਲ ਆਯੋਜਿਤ ਕੀਤੇ ਜਾ ਰਹੇ ਕੈਂਪ ਸਬੰਧੀ ਸੁਸਾਇਟੀ ਨੁਮਾਇੰਦਿਆਂ ਦੱਸਿਆ ਕਿ ਬਲੱਡ ਬੈਂਕਾਂ ’ਚ ਖੂਨ ਦੀ ਘਾਟ ਪੂਰੀ ਕਰਨ ਲਈ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ’ਚ ਸਿਵਲ ਹਸਪਤਾਲ ਬਲੱਡ ਬੈਂਕ ਗੁਰਦਾਸਪੁਰ ਤੇ ਬਟਾਲਾ ਬਲੱਡ ਬੈਂਕ ਦੀਆਂ ਟੀਮਾਂ ਪਹੁੰਚ ਰਹੀਆਂ ਹਨ। ਨੁਮਾਇੰਦਿਆਂ ਦੱਸਿਆ ਕਿ 18 ਸਾਲ ਉਮਰ ਤੋਂ ਵੱਧ ਤੰਦਰੁਸਤ ਵਿਅਕਤੀ ਸਾਲ ’ਚ 4 ਵਾਰ ਖੂਨ ਦੇ ਸਕਦਾ ਹੈ ਅਤੇ ਖੂਨਦਾਨ ਕਰਨ ਤੋਂ ਬਾਅਦ ਮਨੁੱਖੀ ਸਰੀਰ ’ਚ ਖੂਨ ਦੀ ਪੂਰਤੀ 24 ਘੰਟੇ ’ਚ ਹੋ ਜਾਂਦੀ ਹੈ ਅਤੇ ਮਨੁੱਖ ਆਪਣੇ ਆਪ ਨੂੰ ਤਰੋ ਤਾਜ਼ਾ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਇੰਸ ਦੇ ਯੁੱਗ ’ਚ ਲੋਕਾਂ ਦੇ ਮਨਾਂ ’ਚੋਂ ਖੂਨਦਾਨ ਕਰਨ ਦੀ ਭਾਵਨਾਂ ਵੱਧਦੀ ਜਾ ਰਹੀ ਹੈ ਅਤੇ ਲੋਕ ਆਪਣੀ ਤੰਦਰੁਸਤੀ ਅਤੇ ਹੋਰਨਾਂ ਦੀ ਮਦਦ ਲਈ ਖੂਨਦਾਨ ਵਰਗੇ ਮਹਾਨ ਦਾਨ ’ਚ ਬਿਨਾਂ ਝਿਜ਼ਕ ਅੱਗੇ ਹੋ ਕੇ ਸੇਵਾ ਕਰ ਰਹੇ ਹਨ।