Tue. Jul 29th, 2025

ਅੰਮ੍ਰਿਤਸਰ ਨੂੰ ਮੁੜ ਪਹਿਲਾਂ ਵਾਲਾ ਮੁਕਾਮ ਦਿਵਾਉਣਾ ਚਾਹੁੰਦੇ ਹਾਂ ਤਰਨਜੀਤ ਸਿੰਘ ਸੰਧੂ ਸਮੁੰਦਰੀ

ਬੀਰ ਅਮਰ, ਮਾਹਲ ਸ਼੍ਰੀ ਅੰਮ੍ਰਿਤਸਰ ਸਹਿਬ

ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਡੇਰਾ ਬਿਆਸ ਦੇ ਰਾਧਾ ਸੁਆਮੀ ਸਤਿਸੰਗ ਵਿਖੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਉਨ੍ਹਾਂ ਦੇ ਨਿਵਾਸ ਅਸਥਾਨ ‘ਤੇ ਮੁਲਾਕਾਤ ਕੀਤੀ।

ਉਨ੍ਹਾਂ ਕਰੀਬ ਇਕ ਘੰਟਾ ਡੇਰਾ ਮੁਖੀ ਨਾਲ ਧਾਰਮਿਕ ਅਤੇ ਸਮਾਜਿਕ ਸਰੋਕਾਰਾਂ ’ਤੇ ਚਰਚਾ ਕੀਤੀ ਅਤੇ ਦੋਹਾਂ ਆਗੂਆਂ ਨੇ ਅਤੀਤ ਦੌਰਾਨ ਬਿਤਾਏ ਦਿਨਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਭਾਈਚਾਰਕ ਸਾਂਝ ਦੀ ਮਜ਼ਬੂਤੀ ਨਾਲ ਹੀ ਵਿਕਾਸ ਦੀ ਗੱਡੀ ਅੱਗੇ ਤੁਰੇਗੀ।ਇਸ ਮੌਕੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨੌਜਵਾਨੀ ਦੀ ਵਿਦੇਸ਼ਾਂ ਨੂੰ ਪਲਾਇਨ ਕਰਨ ਅਤੇ ਨਸ਼ਿਆਂ ਦੇ ਪ੍ਰਚਲਣ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬ ਦੇ ਨੌਜਵਾਨ ਹਰ ਖੇਤਰ ’ਚ ਅੱਗੇ ਹਨ, ਲੋੜ ਕੇਵਲ ਉਨ੍ਹਾਂ ਨੂੰ ਉਸਾਰੂ ਸੇਧ ਦੇਣ ਦੀ ਹੈ। ਉਨ੍ਹਾਂ ਨੌਜਵਾਨੀ ਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਸੇਧ ਲੈਣ ਅਤੇ ਅਧਿਆਤਮਕ ਮਾਰਗ ’ਤੇ ਚਲਦਿਆਂ ਸਮਾਜਕ ਸਰੋਕਾਰਾਂ ਪ੍ਰਤੀ ਸੇਵਾਵਾਂ ਨਿਭਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡੇਰਾ ਬਿਆਸ ਅਧਿਆਤਮ ਵਿਵਸਥਾ ਦੇ ਨਾਲ ਨਾਲ ਸਮਾਜਿਕ ਸਰੋਕਾਰਾਂ ਦੇ ਚੰਗੇ ਨਤੀਜਿਆਂ ਲਈ ਹਮੇਸ਼ਾਂ ਯਤਨਸ਼ੀਲ ਰਿਹਾ ਹੈ।ਇਸ ਸਮੇਂ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਡੇਰੇ ’ਚ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸੰਗਤ ਕਰਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਅਤੇ ਸਕੂਨ ਮਿਲਿਆ ਹੈ। ਉਨ੍ਹਾਂ ਡੇਰੇ ਵਿਚ ਚੱਲ ਰਹੀਆਂ ਧਾਰਮਿਕ, ਵਿੱਦਿਅਕ ਅਤੇ ਸਮਾਜਕ ਸਰਗਰਮੀਆਂ ਬਾਰੇ ਜਾਣਕਾਰੀ ਹਾਸਲ ਕਰਨ ’ਚ ਗਹਿਰੀ ਦਿਲਚਸਪੀ ਦਿਖਾਈ ਅਤੇ ਅਧਿਆਤਮਕ ਸੰਸਥਾ ਡੇਰਾ ਬਿਆਸ ਵੱਲੋਂ ਕੀਤੇ ਜਾ ਰਹੇ ਵਿੱਦਿਅਕ ਅਤੇ ਸਮਾਜ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਡੇਰੇ ਦੇ ਪ੍ਰਬੰਧ ਨੂੰ ਪੂਰੀ ਤਰ੍ਹਾਂ ਵਲੰਟੀਅਰਾਂ ਦੁਆਰਾ ਸੰਭਾਲਿਆ ਜਾਂਦਾ ਹੈ, ਸੰਸਥਾ ਕਿਸੇ ਵੀ ਫ਼ੰਡ ਇਕੱਠਾ ਕਰਨ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੁੰਦੀ ਹੈ। ਉਨ੍ਹਾਂ ਬਿਆਸ ਹਸਪਤਾਲ ਬਾਰੇ ਕਿਹਾ ਕਿ ਦਿਹਾਤੀ ਖੇਤਰ ’ਚ ਮੈਡੀਕਲ ਆਊਟਰੀਚ ਅਤੇ ਸਿਹਤ ਪਹਿਲਕਦਮੀਆਂ ਨੂੰ ਮਜ਼ਬੂਤ ਕਰਨ ’ਚ ਬਿਆਸ ਹਸਪਤਾਲ ਲੋਕਾਂ ਨੂੰ ਚੰਗੀਆਂ ਮੈਡੀਕਲ ਸੁਵਿਧਾਵਾਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਚੰਗੀ ਪਿਰਤ ਹੈ ਕਿ ਡੇਰਾ ਨਿਵਾਸੀਆਂ ਦੇ ਬੱਚਿਆਂ ਅਤੇ ਡੇਰੇ ਅਤੇ ਬਿਆਸ ਹਸਪਤਾਲਾਂ ਦੇ ਸਟਾਫ਼ ਦੇ ਲਾਭ ਲਈ ਸਕੂਲ ਸਥਾਪਿਤ ਕੀਤਾ ਗਿਆ । ਜਿੱਥੇ ਸੈਕੰਡਰੀ ਪੱਧਰ ਤੱਕ 850 ਤੋਂ ਵੱਧਵਿਦਿਆਰਥੀਆਂ ਸਿੱਖਿਆ ਲੈ ਰਹੇ ਹਨ।ਤਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਨੌਜਵਾਨਾਂ ਨੂੰ ਸਟਾਰਟ ਅੱਪ ਨਾਲ ਜੋੜਨ ਲਈ ਅਮਰੀਕਨ ਪ੍ਰਵਾਸੀ ਭਾਈਚਾਰੇ ਵੱਲੋਂ 850 ਕਰੋੜ ਦਾ ਫ਼ੰਡ ਇਕੱਠਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਨੂੰ ਮੁੜ ਉਹ ਮੁਕਾਮ ਦਿਵਾਉਣਾ ਚਾਹੁੰਦੇ ਹਨ ਜੋ ਪਹਿਲਾਂ ਸੀ। ਉਨ੍ਹਾਂ ਕਿਹਾ ਮੈਂ ਆਪਣੇ ਮਾਤਾ ਪਿਤਾ ਅਤੇ ਦਾਦਾ ਸ. ਤੇਜਾ ਸਿੰਘ ਸਮੁੰਦਰੀ ਵਾਂਗ ਇੱਥੋਂ ਦੇ ਲੋਕਾਂ ਦੀ ਸੇਵਾ ਨੂੰ ਪਹਿਲ ਦੇਵਾਂਗਾ। ਕੈਪਸਨ । ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨਾਲ ਮੁਲਾਕਾਤ ਕਰਦੇ ਹੋਏ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ।

Leave a Reply

Your email address will not be published. Required fields are marked *

You missed