Skip to content
ਸੰਨੀ ਦਿਉਲ ਨੂੰ ਜਿਤਾ ਕੇ ਅੱਜ ਵੀ ਲੋਕ ਪਛਤਾ ਰਹੇ ਹਨ ,ਪਿੰਡ ਧੁੱਪਸੜੀ ਵਿਖੇ ਕਾਂਗਰਸ ਪਾਰਟੀ ਦੀ ਭਰਵੀਂ ਚੋਣ ਮੀਟਿੰਗ ਹੋਈ
ਬਟਾਲਾ, 16 ਮਈ ( ਚਰਨਦੀਪ ਬੇਦੀ ) – ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਵਿਚ ਐਡਵੋਕੇਟ ਅਮਨਦੀਪ ਜੈਂਤੀਪੁਰ ਵਲੋਂ ਭਰਵੀਆਂ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸੇ ਕੜੀ ਤਹਿਤ ਪਿੰਡ ਧੁੱਪਸੜੀ ਵਿਖੇ ਸਾਬਕਾ ਸਰਪੰਚ ਗੁਰਬਚਨ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਚੋਣ ਰੈਲੀ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਅਮਨਦੀਪ ਜੈੈਂਤੀਪੁਰ ਨੇ ਕਿਹਾ ਕਿ ਅੱਜ ਪੰਜਾਬ ਸਮੇਤ ਦੇਸ਼ ਭਰ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਭਾਜਪਾ ਨੇ ਦੇਸ਼ ਨੂੰ ਜਿੱਥੇ ਆਰਥਿਕ ਪੱਖੋਂ ਕਮਜੋਰ ਕੀਤਾ ਹੈ ਉਥੇ ਹੀ ਦੇਸ਼ ਦਾ ਗਰੀਬ ਅਤੇ ਮੱਧ ਵਰਗ ਲਗਾਤਾਰ ਮਹਿੰਗਾਈ ਵਿਚ ਪਿਸ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਦੇਸ਼ ਨੂੰ ਸ੍ਰੀ ਰਾਹੁਲ ਗਾਂਧੀ ਹੀ ਸਹੀ ਦਿਸ਼ਾ ਵੱਲ ਤੋਰ ਸਕਦੇ ਹਨ। ਇਸ ਲਈ ਸਾਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿਤਾਉਣਾ ਹੋਵੇਗਾ। ਉਹਨਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੇ ਸ.ਸੁਖਜਿੰਦਰ ਸਿੰਘ ਰੰਧਾਵਾ ਨੂੰ ਗੁਰਦਾਸਪੁਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ। ਉਹਨਾਂ ਕਿਹਾ ਕਿ ਸ.ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੀ ਰਾਜਨੀਤੀ ਵਿਚ ਅਹਿਮ ਸਥਾਨ ਰੱਖਦੇ ਹਨ ਜਿਹਨਾਂ ਨੇ ਆਪਣਾ ਪੂਰਾ ਜੀਵਨ ਲੋਕਾਂ ਦੀ ਸੇਵਾ ਵਿਚ ਲਗਾਇਆ ਅਤੇ ਲੋਕਾਂ ਨੇ ਹਮੇਸ਼ਾ ਹੀ ਉਹਨਾਂ ਦਾ ਸਾਥ ਦਿੱਤਾ। ਉਹਨਾਂ ਕਿਹਾ ਕਿ ਅੱਜ ਇਕ ਵਾਰ ਫਿਰ ਸਾਰਿਆਂ ਕੋਲ ਮੌਕਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇ ਤਾਂ ਜੋ ਪਾਰਲੀਮੈਂਟ ਵਿਚ ਜਾ ਕੇ ਸਰਹੱਦੀ ਇਲਾਕਾ ਗੁਰਦਾਸਪੁਰ ਦੇ ਮਸਲੇ ਲੋਕ ਸਭਾ ਵਿਚ ਉਠਾ ਸਕਣ। ਉਹਨਾਂ ਕਿਹਾ ਕਿ ਪਿਛਲੀ ਵਾਰ ਲੋਕ ਸੰਨੀ ਦਿਉਲ ਨੂੰ ਜਿਤਾ ਕੇ ਅੱਜ ਤੱਕ ਪਛਤਾ ਰਹੇ ਹਨ ਕਿਉਂਕਿ ਤੁਹਾਡੀਆਂ ਵੋਟਾਂ ਲੈ ਕੇ ਸੰਨੀ ਦਿਉਲ ਇਕ ਵਾਰ ਵੀ ਹਲਕੇ ਅੰਦਰ ਨਹੀਂ ਵੜੇ। ਇਸ ਵਾਰ ਅਸੀਂ ਸਾਰਿਆਂ ਨੇ ਭਾਜਪਾ ਅਕਾਲੀ ਦਲ ਅਤੇ ਆਪ ਨੂੰ ਸਬਕ ਸਿਖਾਉਣਾ ਹੈ ਅਤੇ ਆਪਣੇ ਹਮਨ ਪਿਆਰੇ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਿਤਾਉਣਾ ਹੈ। ਇਸ ਮੌਕੇ ਠਾਠਾਂ ਮਾਰਦੇ ਇਕੱਠ ਨੇ ਸ.ਸੁਖਜਿੰਦਰ ਸਿੰਘ ਰੰਧਾਵਾ ਨੂੰ ਜਿਤਾਉਣ ਦਾ ਐਲਾਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਸਰਪੰਚ, ਪੰਚ ਅਤੇ ਕੌਂਸਲਰਾਂ ਤੋਂ ਇਲਾਵਾ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।