ਬਟਾਲਾ ਸ਼ਹਿਰ ਅਤੇ ਪਿੰਡਾਂ ਦੇ ਚਹੁਪੱਖੀ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ-ਵਿਧਾਇਕ ਸ਼ੈਰੀ ਕਲਸੀ
ਬਟਾਲਾ ( ਚਰਨਦੀਪ ਬੇਦੀ )
ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਬਟਾਲਾ ਸ਼ਹਿਰ ਅੰਦਰ ਤੇਜ਼ਗਤੀ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਸ ਦੇ ਚੱਲਦਿਆਂ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ, ਚੌਂਕ ਦਾ ਨਵੀਨੀਕਰਨ ਦਾ ਕੰਮ ਜ਼ੋਰਾ ’ਤੇ ਚੱਲ ਰਿਹਾ ਹੈ। ਬੀਤੀ ਰਾਤ ਵਿਧਾਇਕ ਸ਼ੈਰੀ ਕਲਸੀ ਵਲੋਂ ਇਸ ਬਣ ਰਹੇ ਚੌਂਕ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ।ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਅੰਦਰ ਵੱਖ-ਵੱਖ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਵੱਖ-ਵੱਖ ਵਿਕਾਸ ਕਾਰਜ ਪ੍ਰਗਤੀ ਅਧੀਨ ਹਨ।
ਉਨਾਂ ਦੱਸਿਆ ਕਿ ਗੁਰਦਾਸਪੁਰ ਤੋਂ ਬਟਾਲਾ ਐਂਟਰੀ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਆਦਮ ਕੱਦ ਬੁੱਤ ਲਗਾਉਣ ਦੇ ਨਾਲ ਰਾਸ਼ਟਰੀ ਤਿਰੰਗਾ ਝੰਡਾ ਲਗਾ ਕੇ ਸ਼ਾਨਦਾਰ ਪਾਰਕ ਬਟਾਲਾ ਵਾਸੀਆ ਨੂੰ ਸਮਰਪਿਤ ਕੀਤੀ ਗਈ ਹੈ। ਅੰਮ੍ਰਿਤਸਰ ਤੋ ਬਟਾਲਾ ਐਂਟਰੀ ’ਤੇ ਮਹਾਰਾਜਾ ਅਗਰਸੈਨ ਦਾ ਬੁੱਤ ਲਗਾ ਕੇ ਸ਼ਾਨਦਾਰ ਚੌਂਕ ਬਣਾ ਕੇ ਬਟਾਲੇ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ ਹੈ।ਉਨਾਂ ਅੱਗੇ ਦੱਸਿਆ ਕਿ ਹੰਸਲੀ ਪੁਲ ਨੇੜੇ ਉਲੰਪੀਅਨ ਹਾਕੀ ਖਿਡਾਰੀ ਸੁਰਜੀਤ ਸਿੰਘ ਦਾ ਬੁੱਤ ਲਗਾਇਆ ਹੈ। ਜਲੰਧਰ ਰੋਡ ’ਤੇ ਸ਼ਿਵ ਕੁਮਾਰ ਆਡੀਟੋਰੀਅਮ ਦੇ ਪ੍ਰਵੇਸ਼ ਦੁਆਰ ’ਤੇ ਸ਼ਿਵ ਕੁਮਾਰ ਬਟਾਲਵੀ ਦਾ ਆਦਮ ਕੱਦ ਬੁੱਤ ਲਗਾਇਆ ਗਿਆ ਹੈ। ਬਟਾਲੇ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਸ਼ਹਿਰ ਵਿਚਲੀਆਂ ਸੜਕਾਂ ਨੂੰ ਚੋੜਿਆਂ ਕਰਕੇ ਸੁੰਦਰ ਬਣਾਇਆ ਗਿਆ ਹੈ ਅਤੇ ਕਈ ਜਗਾ ਕੰਮ ਅਜੇ ਵੀ ਜਾਰੀ ਹੈ। ਜਲੰਧਰ ਰੋਡ ਤੋਂ ਬਟਾਲੇ ਆਉਂਦੇ ਸਮੇਂ ਮਾਤਾ ਸੁਲੱਖਣੀ ਜੀ ਦਾ ਗੇਟ, ਵੰਡਰ ਹੋਟਲ ਨੇੜੇ ਬਣਾਇਆ ਜਾ ਰਿਹਾ ਹੈ, ਜੋ ਡੱਬਲ ਰੋਡ ਦਾ ਬਣੇਗਾ। ਜਲੰਧਰ ਰੋਡ ਬਾਈਪਾਸ ਤੋ ਅੰਮ੍ਰਿਤਸਰ ਰੋਡ ਬਾਈਪਾਸ ਨੂੰ ਚੌੜਾ ਕਰਨ ਦਾ ਕੰਮ ਵੀ ਜਾਰੀ ਹੈ। ਇਸੇ ਤਰਾ ਕਾਹਨੂੰਵਾਨ ਰੋਡ ਨੂੰ ਚੌੜਾ ਕਰਨ ਦਾ ਕੰਮ ਵੀ ਜਾਰੀ ਹੈ। ਬਟਾਲਾ ਸ਼ਹਿਰ ਵਿੱਚ ਕਈ ਜਗ੍ਹਾ ਬੱਚਿਆਂ ਲਈ ਝੂਲੇ ਲਾ ਕੇ ਪਾਰਕਾਂ ਬਣਾਈਆਂ ਗਈਆਂ ਹਨ ਅਤੇ ਕਸਰਤ ਲਈ ਮਸ਼ੀਨਾਂ ਵੀ ਲਾਈਆਂ ਗਈਆਂ ਹਨ। ਉਨਾਂ ਅੱਗੇ ਦੱਸਿਆ ਕਿ ਬਟਾਲੇ ਸ਼ਹਿਰ ਵਿੱਚ ਵਿਚ ਕਾਫ਼ੀ ਥਾਂ ਜਿੱਥੇ ਸੀਵਰੇਜ ਨਹੀ ਸੀ ਪਏ, ਉਥੇ ਸੀਵਰੇਜ਼ ਪਵਾਏ ਗਏ ਅਤੇ ਗਲੀਆਂ ਬਣਵਾਈਆਂ ਗਈਆਂ। ਉਨਾਂ ਅੱਗੇ ਦੱਸਿਆ ਕਿ ਲੋਕਾਂ ਨੂੰ ਇੱਕੋ ਛੱਤ ਹੇਠਾਂ ਵੱਖ-ਵੱਖ ਸੇਵਾਵਾਂ ਦੇਣ ਦੇ ਮੰਤਵ ਨਾਲ ਨਵਾਂ ਤਹਿਸੀਲ ਕੰਪਲੈਕਸ, ਨੇੜੇ ਪੁਲਿਸ ਲਾਈਨ ਬਟਾਲਾ ਵਿਖੇ ਬਣਾਇਆ ਜਾ ਰਿਹਾ ਹੈ।ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਜਿਸ ਤਰਾਂ ਸ਼ਹਿਰ ਬਟਾਲਾ ਵਿਖੇ ਵਿਕਾਸ ਕੰਮ ਕਰਵਾਏ ਗਏ ਹਨ , ਓਸੇ ਤਰਾਂ ਪਿੰਡਾਂ ਅੰਦਰ ਵੀ ਵੱਖ-ਵੱਖ ਵਿਕਾਸ ਕਾਰਜ ਪਾਰਦਰਸ਼ੀ ਢੰਗ ਨਾਲ ਕਰਵਾਏ ਗਏ ਹਨ। ਉਨਾਂ ਦੱਸਿਆ ਕਿ ਨੌਜਵਾਨਾਂ ਦੀ ਸ਼ਕਤੀ ਨੂੰ ਉਸਾਰੂ ਪਾਸੇ ਲਾਉਣ ਦੇ ਮੰਤਵ ਨਾਲ ਖੇਡ ਮੈਦਾਨ ਬਣਾਏ ਗਏ ਹਨ। ਡੇਰਿਆਂ ਨੂੰ ਜਾਂਦੇ ਰਸਤੇ ਪੱਕੇ ਕਰਵਾਏ ਗੲ ਹਨ। ਥਾਪਰ ਮਾਡਲ ਤਹਿਤ ਛੱਪੜਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਪਿੰਡਾਂ ਅੰਦਰ ਗੰਦੇ ਪਾਣੀ ਦੇ ਨਿਕਾਸੀ ਲਈ ਸੀਵਰੇਜ਼ ਪਾਏ ਗਏ ਹਨ ਅਤੇ ਗਲੀਆਂ ਦੀ ਉਸਾਰੀ ਕਰਵਾਈ ਗਈ ਹੈ।ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਬਟਾਲਾ ਸ਼ਹਿਰ ਅਤੇ ਪਿੰਡਾਂ ਵਿੱਚ ਵੱਖ-ਵੱਖ ਵਿਕਾਸ ਕੰਮ ਕਰਵਾਏ ਗਏ ਹਨ ਅਤੇ ਵੱਖ-ਵੱਖ ਵਿਕਾਸ ਕਾਰਜ ਅਜੇ ਚੱਲ ਰਹੇ ਹਨ। ਉਨਾਂ ਦੁਹਰਾਇਆ ਕਿ ਹਲਕਾ ਬਟਾਲਾ ਦਾ ਸਰਬਪੱਖੀ ਵਿਕਾਸ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਅਤੇ ਹਲਕੇ ਦੇ ਚਹੁਪੱਖੀ ਵਿਕਾਸ ਵਿੱਚ, ਉਹ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ।