Sat. Jul 26th, 2025

ਬੀਰ ਅਮਰ ਮਾਹਲ। ਬਿਊਰੋ ਚੀਫ਼,ਸ੍ਰੀ ਅੰਮ੍ਰਿਤਸਰ ਸਾਹਿਬ।

ਅਸੂ ਦੇ ਪਹਿਲੇ ਨਵਰਾਤਰੇ ਤੋਂ ਸ਼ੁਰੂ ਹੋਏ 10 ਦਿਨਾਂ ਵਿਸ਼ਵ ਪ੍ਰਸਿੱਧ ਲੰਗੂਰ ਮੇਲੇ ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਡੀ ਗਿਣਤੀ ਵਿਚ ਪੂਰੇ ਉਤੱਰੀ ਭਾਰਤ ਤੇ ਦੇਸ਼ਾਂ-ਵਿਦੇਸ਼ਾਂ ਤੋਂ ਸ਼ਰਧਾਲੂ ਸ਼੍ਰੀ ਦੁਰਗਿਆਣਾ ਤੀਰਥ ਦੇ ਸ਼੍ਰੀ ਵੱਡਾ ਹਨੂੰਮਾਨ ਮੰਦਰ ’ਚ ਮੱਥਾ ਟੇਕਣ ਲਈ ਪਹੁੰਚੇ।

ਸਵੇਰੇ ਸ਼੍ਰੀ ਹਨੂੰਮਾਨ ਜੀ ਦਾ ਸ਼ਿੰਗਾਰ ਕੀਤਾ ਗਿਆ ਤੇ ਲੱਡੂਆਂ ਦੇ ਨਾਲ ਭੋਗ ਲਗਾਉਣ ਤੋਂ ਬਾਅਦ ਮੇਲੇ ਦੀ ਸ਼ੁਰਆਤ ਕੀਤੀ ਗਈ, ਸਵੇਰੇ ਤੜਕੇ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਮੱਥਾ ਟੇਕਣ ਲਈ ਲੱਗੀਆਂ ਰਹੀਆਂ ਅਤੇ ਸ਼੍ਰੀ ਗਿਰੀਰਾਜ ਸੇਵਾ ਸੰਘ ਦੇ ਸੇਵਾਦਾਰ ਤੜਕੇ ਸੇਵਾ ਵਿਚ ਲੱਗੇ ਰਹੇ।

ਅੱਜ ਪਹਿਲੇ ਨਵਰਾਤਰੇ ਸ਼੍ਰੀ ਵੱਡਾ ਹਨੂੰਮਾਨ ਮੰਦਰ ਸਵੇਰੇ ਤੜਕੇ ਖੋਲਿਆ ਗਿਆ। ਦੱਸਣਯੋਗ ਹੈ ਕਿ ਸ਼੍ਰੀ ਵੱਡਾ ਹਨੂੰਮਾਨ ਮੰਦਰ ਪੂਰੇ ਉਤੱਰੀ ਭਾਰਤ ਦਾ ਇਕੋ ਅਜਿਹਾ ਮੰਦਰ ਹੈ, ਜਿੱਥੇ ਹਰ ਸਾਲ ਲੰਗੂਰ ਮੇਲਾ ਲੱਗਦਾ ਹੈ ਤੇ ਸ਼ਰਧਾਲੂ ਮੇਲੇ ਦੌਰਾਨ ਸਨਤਾਨ ਪ੍ਰਾਪਤੀ ਲਈ ਮੰਣਤ ਮੰਗਦੇ ਹਨ ਅਤੇ ਮੰਣਤ ਪੂਰੀ ਹੋਣ ਤੇ ਸ਼ਰਧਾਲੂ ਆਪਣੇ ਬੱਚਿਆਂ ਨੂੰ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਵਾ ਕੇ ਪੂਜਾ ਕਰਨ ਤੋਂ ਬਾਅਦ ਲੰਗੂਰਾਂ ਦੀ ਵਰਦੀ ਪਾ ਕੇ ਮੰਦਰ ’ਚ ਮੱਥਾ ਟੇਕਣ ਲਈ ਆਉਂਦੇ ਹਨ। ਲੰਗੂਰ ਬਣਨ ਵਾਲ਼ੇ ਬੱਚਿਆਂ ਨੂੰ ਪਹਿਲਾਂ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਵਾਇਆ ਗਿਆ ਤੇ ਪੂਜਾ ਕਰਨ ਤੋਂ ਬਾਅਦ ਹੀ ਲੰਗੂਰ ਦੀ ਵਰਦੀ ਪਹਿਨਾਈ ਗਈ ਤੇ ਢੋਲ ਦੀ ਥਾਪ ਤੇ ਨਚਦੇ-ਟੱਪਦੇ ਲੰਗੂਰ ਬਣੇ ਬੱਚਿਆਂ ਨੇ ਪਰਿਵਾਰਾਂ ਦੇ ਨਾਲ ਸ਼੍ਰੀ ਹਨੂੰਮਾਨ ਮੰਦਰ ਵਿਚ ਮੱਥਾ ਟੇਕਿਆ।

10 ਦਿਨ ਚਲਣ ਵਾਲੇ ਇਸ ਲੰਗੂਰ ਮੇਲੇ ਵਿਚ ਸ਼ਰਧਾਲੂ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਸਵੇਰੇ ਸ਼ਾਮ ਮੱਥਾ ਟੇਕਦੇ ਹਨ ਅਤੇ ਦੁਸ਼ਹਿਰੇ ਤੋਂ ਅਗਲੇ ਦਿਨ ਮੱਥਾ ਟੇਕ ਕੇ ਹੀ ਲੰਗੂਰ ਦੀ ਵਰਦੀ ਉਤਾਰੀ ਜਾਂਦੀ ਹੈ। ਇਹ ਵੀ ਦਸਣਯੋਗ ਹੈ ਕਿ ਇਸ ਮੰਦਰ ਦਾ ਇਤਿਹਾਸ ਰਾਮਾਇਣ ਕਾਲ ਨਾਲ ਜੁੜਿਆ ਹੋਇਆ ਹੈ, ਰਾਮਾਇਣ ਕਾਲ ਦੌਰਾਨ ਜਿਸ ਵੇਲੇ ਸ਼੍ਰੀ ਰਾਮ ਜੀ ਨੇ ਅਸ਼ਵਮੇਘ ਯੱਗ ਦਾ ਘੋੜਾ ਛੱਡਿਆ ਸੀ, ਤਾਂ ਲਵ-ਕੁਸ਼ ਨੇ ਇਸ ਘੋੜੇ ਨੂੰ ਫੜ ਕੇ ਬੋਹੜ ਨਾਲ ਬੰਨ ਦਿੱਤਾ, ਇੱਸ ਨੂੰ ਲੈ ਕੇ ਹੋਏ ਯੁੱਧ ਦੌਰਾਨ ਸ਼੍ਰੀ ਹਨੂੰਮਾਨ ਜੀ ਵੀ ਇਸ ਸਥਾਨ ਤੇ ਪੁੱਜੇ ਅਤੇ ਲਵ-ਕੁਸ਼ ਨਾਲ ਗੱਲਬਾਤ ਕਰਨ ਤੇ ਸ਼੍ਰੀ ਹਨੂੰਮਾਨ ਜੀ ਨੂੰ ਅਹਿਸਾਸ ਹੋਇਆ ਕਿ ਇਹ ਸ਼੍ਰੀ ਰਾਮ ਜੀ ਦੇ ਬੱਚੇ ਹਨ, ਇਸੇ ਦੌਰਾਨ ਹਨੂੰਮਾਨ ਜੀ ਨੇ ਪਿਆਰ ਵੱਸ ਹੋ ਕੇ ਲ਼ਵ-ਕੁਸ਼ ਨੂੰ ਕੁਝ ਨਹੀਂ ਕਿਹਾ ਤੇ ਲਵ-ਕੁਸ਼ ਨੇ ਸ਼੍ਰੀ ਹਨੂੰਮਾਨ ਜੀ ਨੂੰ ਇਸੇ ਮੰਦਰ ਸਥਾਨ ਵਿਚ ਸਥਿਤ ਵੱਟ (ਦਰਖਤ) ਨਾਲ ਬਣਿਆ ਸੀ ਅਤੇ ਇਸੇ ਹੀ ਵੱਟ (ਦਰਖਤ) ਤੇ ਸ਼ਰਧਾਲੂ ਸਨਤਾਨ ਪ੍ਰਾਪਤੀ ਲਈ ਮੋਲੀ ਬਣ ਕੇ ਮੰਣਤ ਮੰਗਦੇ ਹਨ ਅਤੇ ਮੰਣਤ ਪੂਰੀ ਹੋਣ ਤੇ ਬੱਚਿਆਂ ਨੂੰ ਲੰਗੂਰ ਬਣਾ ਕੇ ਅਸੂ ਦੇ ਪਹਿਲੇ ਨਵਰਾਤਰੇ ਤੋਂ ਦੁਸ਼ਿਹਰੇ ਤੱਕ ਸਵੇਰੇ-ਸ਼ਾਮ ਢੋਲ ਦੀ ਥਾਪ ਤੇ ਨੱਚਦੇ-ਟੱਪਦੇ ਨੰਗੇ ਪੈਰੀ ਮੱਥਾ ਟੇਕਣ ਲਈ ਆਉਂਦੇ ਹਨ।

ਇਹ ਵੀ ਦੱਸਣਯੋਗ ਹੈ ਕਿ ਇਸੇ ਮੰਦਰ ਵਿਚ ਸ਼੍ਰੀ ਹਨੂੰਮਾਨ ਜੀ ਦੀ ਬੈਠੀ ਮੁਦਰਾ ਵਿਚ ਮੂਰਤੀ ਹੈ, ਜਿਥੇ ਸ਼ਰਧਾਲੂ ਮੱਥਾ ਟੇਕਦੇ ਹਨ। ਬੱਚਿਆਂ ਨੂੰ ਲੰਗੂਰ ਬਨਾਉਣ ਲਈ ਮਾਪਿਆ ਨੂੰ ਬਹੁਤ ਹੀ ਸਖਤ ਨਿਯਮਾਂ ਦੀ ਪਾਲਣਾ ਵੀ ਕਰਨੀ ਪੈਂਦੀ ਹੈ, ਜਿਸਦੇ ਨਾਲ ਹਰ ਰੋਜ ਨਿਯਮਾਂ ਮੁਤਾਬਿਕ ਹੀ ਖਾਣਾ ਤੇ ਮੱਥਾ ਟੇਕਣਾ ਹੁੰਦਾ ਹੈ ਤੇ ਲੰਗੂਰ ਮੇਲਾ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਲੰਗੂਰ ਬਣਨ ਵਾਲੇ ਬੱਚਿਆਂ ਦੇ ਮਾਪਿਆ ਵੱਲੋਂ ਮੰਦਰ ਆ ਕੇ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ ਤੇ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਸ਼ਰਧਾਲੂ ਲੰਗੂਰਾਂ ਦੀ ਵਰਦੀ ਲੈਂਦੇ ਹਨ, ਲੰਗੂਰ ਮੇੇਲੇ ਵਿਚ ਵੱਡੀ ਗਿਣਤੀ ‘ਚ ਬੱਚੇ ਲੰਗੂਰ ਬਣੇ ਹਨ, ਜਿਨ੍ਹਾਂ ਵਿਚ ਲੜਕੀਆਂ ਵੀ ਲੰਗੂਰ ਬਣੀਆਂ ਹਨ ਤੇ ਸ਼ਰਧਾਲੂਆਂ ਵੱਲੋਂ ਸਨਤਾਨ ਪ੍ਰਾਪਤੀ ਲਈ ਮੰਗੀ ਮੰਣਤ ਚਾਹੇ ਪੁੱਤਰ ਜਾਂ ਧੀ ਦੋਨਾਂ ਵਿਚ ਕੋਈ ਫਰਕ ਨਾ ਦੇਖਦੇ ਹੋਏ ਸ਼ਰਧਾਲੂ ਬੱਚਿਆਂ ਨੂੰ ਲੰਗੂਰ ਬਣਾਉਂਦੇ ਹਨ ਤੇ ਧੀਆਂ ਨੂੰ ਵੀ ਲੰਗੂਰ ਬਣਾ ਕੇ ਸ਼ਰਧਾਲੂਆਂ ਨੇ ਸਮਾਜ ਵਿਚ ਧੀਆਂ ਦੇ ਮਾਨ-ਸੰਮਾਨ ਨੂੰ ਵਧਾਉਣ ਦਾ ਸੁਨੇਹਾ ਦਿੱਤਾ ਹੈ। ਸ਼ਰਧਾਲੂਆਂ ਵੱਲੋਂ ਸ਼੍ਰੀ ਹਨੂੰਮਾਨ ਜੀ ਨੂੰ ਮੋਤੀ ਚੂਰ ਦੇ ਲੱਡੂ ਪ੍ਰਸ਼ਾਦ ਦੇ ਰੂਪ ਵਿਚ ਲਿਆ ਕੇ ਭੋਗ ਲਗਾਇਆ ਗਿਆ ਤੇ ਜੈ ਸ਼੍ਰੀ ਰਾਮ, ਜੈ ਬਜਰੰਗ ਬਲੀ ਦੇ ਜੈਕਾਰੇ ਲਗਾਏ ਗਏ ਅਤੇ ਵੱਖ-ਵੱਖ ਟੋਲੀਆਂ ’ਚ ਬਜਰੰਗੀ ਸੈਨਾ ਨੇ ਨੱਚਦੇ-ਚੱਪਦੇ ਸ਼੍ਰੀ ਹਨੂੰਮਾਨ ਮੰਦਰ ਵਿਚ ਮੱਥਾ ਟੇਕਿਆ। ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਪ੍ਰਧਾਨ ਪ੍ਰੋ.ਲਕਸ਼ਮੀ ਕਾਂਤਾ ਚਾਵਲਾ ਤੇ ਜਨਰਲ ਸਕੱਤਰ ਅਰੁਣ ਖੰਨਾ ਨੇ ਕਿਹਾ ਕਿ ਲੰਗੂਰ ਮੇਲੇ ਵਿਚ ਆਏ ਸ਼ਰਧਾਲੂਆਂ ਦੀ ਸੁਰੱਖਿਆਂ ਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਮੰਦਰ ਕਮੇਟੀ ਵੱਲੋਂ ਕੀਤਾ ਗਿਆ ਹੈ ਤੇ ਵਰਤ ਰੱਖਣ ਵਾਲੇ ਸ਼ਰਧਾਲੂਆਂ ਲਈ ਵਰਤ ਵਾਲਾ ਪ੍ਰਸ਼ਾਦ ਤਿਆਰ ਕਰਵਾਇਆ ਗਿਆ ਹੈ, ਇਸਦੇ ਨਾਲ ਹੀ ਮੰਦਰ ਕਮੇਟੀ ਵੱਲੋਂ ਕਰਮਚਾਰੀਆਂ ਨੂੰ ਸੇਵਾ ਵਿਚ ਲਗਾਇਆ ਗਿਆ ਹੈ ਤੇ ਲੰਗੂਰ ਬਣਨ ਵਾਲੇ ਬੱਚਿਆਂ ਦੇ ਪੂਜਾ ਕਰਨ ਲਈ ਪੰਡਿਤਾਂ ਦੀ ਵੇਵਸਥਾ ਕੀਤੀ ਹੈ ਨਾਲ ਹੀ ਆਉਂਦੇ ਸ਼ਰਧਾਲੂਆਂ ਦੇ ਰਹਿਣ ਦੇ ਪ੍ਰਬੰਧ ਵੀ ਕੀਤੇ ਗਏ ਹਨ ਤੇ ਹਰ ਰੋਜ ਸ਼ਰਧਾਲੂਆਂ ਦੇ ਖਾਣ-ਪੀਣ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪਹਿਲੇ ਨਵਰਾਤਰੇ ਨੂੰ ਸ਼੍ਰੀ ਹਨੂੰਮਾਨ ਮੰਦਰ ਸਵੇਰੇ ਤੜਕੇ ਵਜੇ ਖੋਲਿਆ ਗਿਆ ਹੈ ਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੁਲਿਸ ਮੁਲਾਜ਼ਮ ਜਗ੍ਹਾ-ਜਗ੍ਹਾ ਤੇ ਤੈਨਾਤ ਹਨ।

ਬਾਕਸ। ਬੱਚਿਆਂ ਨੂੰ ਲੰਗੂਰ ਬਣਾਉਣ ਦੇ ਸਖਤ ਨਿਯਮ।
ਨਵਰਾਤਰੇ ਦੇ ਪਹਿਲੇ ਦਿਨ ਪੂਜਾ ਦਾ ਸਮਾਨ, ਮਿਠਾਈ, ਫੱਲ, ਨਾਰਿਅਲ, ਫੱਲ ਸੇਹਰਾ, ਜਮੀਨ ਤੇ ਹੀ ਸੋਨਾ, ਲੰਗੂਰ ਅਤੇ ਕਾਰ ਕਰਨ ਵਾਲੇ ਚਮੜੇ ਦੇ ਬੂਟ, ਚੱਪਲ, ਬੈਲਟ ਆਦਿ ਦਾ ਇਸਤੇਮਾਲ ਨਹੀਂ ਕਰ ਸਕਦੇ ਅਤੇ ਨੰਗੇ ਪੈਰ ਮੰਦਰ ਵਿਚ ਆਉਣਾ ਜਰੂਰੀ ਹੈ, ਚਾਕੂ ਦੇ ਨਾਲ ਕੱਟਿਆ ਹੋਇਆ ਕੁਝ ਵੀ ਨਹੀਂ ਖਾਣਾ ਤੇ ਪਿਆਜ, ਲੱਸਣ, ਪਾਨ ਅਤੇ ਕਿਸੇ ਵੀ ਮਾਦਕ ਵਸਤੂ ਦਾ ਸੇਵਨ ਨਹੀਂ ਕਰਨਾ ਅਤੇ ਵਰਤ ਦਾ ਪਾਲਣ ਜਰੂਰੀ ਹੈ, ਦੂਸਰਿਆਂ ਦੇ ਘਰ ਦੇ ਦਰਵਾਜੇ ਅੰਦਰ ਨਹੀਂ ਜਾਣਾ, ਦੂਸਰਿਆਂ ਦੇ ਘਰ ਦਾ ਭੋਜਨ ਨਹੀਂ ਖਾਣਾ, ਸਾਰੇ ਸ਼ਰੀਰ ਵਿਚ ਤੇਲ, ਸ਼ੈਂਪੂ, ਸਾਬਨ ਲਗਾਉਣ ਤੇ ਪਾਬੰਦੀ ਹੈ, ਆਪਣੇ ਹੱੱਥਾਂ ਨਾਲ ਤੇ ਸਾਬਨ ਨਾਲ ਕੱਪੜੇ ਧੋਨਾ ਮੰਨਾ ਹੈ, ਨਿਯਮਪੂਰਵਕ ਸ਼੍ਰੀ ਹਨੂੰਮਾਨ ਜੀ ਦੇ ਮੰਦਰ ਵਿਚ ਦੋ ਸਮੇਂ ਮੱਥਾ ਟੇਕਣਾ ਜਰੂਰੀ ਹੈ, ਦੁਸ਼ਿਹਰੇ ਦੇ ਅਗਲੇ ਦਿਨ ਏਕਾਦਸ਼ੀ ਨੂੰ ਲੰਗੂਰ ਬਣੇ ਬੱਚਿਆਂ ਦੀ ਵਰਦੀ ਸ਼੍ਰੀ ਹਨੂੰਮਾਨ ਮੰਦਰ ਵਿਚ ਉਤਾਰੀ ਜਾਏਗੀ।
ਸ਼੍ਰੀ ਗਿਰੀਰਾਜ ਸੇਵਾ ਸੰਘ ਦੇ ਪ੍ਰਧਾਨ ਸੰਜੇ ਮਹਿਰਾ ਨੇ ਕਿਹਾ ਕਿ 1986 ਤੋਂ ਮੰਦਰ ਵਿਚ ਸੇਵਾ ਕਰ ਰਹੇ ਹਨ ਅਤੇ ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਵਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਤੇ ਸੰਘ ਦੇ ਸੇਵਾਦਾਰ ਤੜਕੇ ਤੋਂ ਹੀ ਮੰਦਰ ਵਿਚ ਸੇਵਾ ਕਰ ਰਹੇ ਹਨ। ਕੈਪਸਨ। ਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਸ਼ੁਰੂਆਤ ਮੌਕੇ ਸ੍ਰੀ ਦੁਰਗਿਆਣਾ ਤੀਰਥ ਵਿਖੇ ਲਈਆਂ ਗਈਆਂ ਵੱਖ ਵੱਖ ਤਸਵੀਰਾਂ।

Leave a Reply

Your email address will not be published. Required fields are marked *