ਬੀਰ ਅਮਰ ਮਾਹਲ। ਸ੍ਰੀ ਅੰਮ੍ਰਿਤਸਰ ਸਾਹਿਬ।
ਪੂਰੀ ਦੁਨੀਆਂ ਦੇ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਆਸਥਾ ਦਾ ਪ੍ਰਤੀਕ ਪਵਿੱਤਰ ਲੰਗੂਰ ਮੇਲਾ ਬਹੁਤ ਹੀ ਧੂਮ ਧਾਮ ਨਾਲ ਅਤੇ ਵੱਡੇ ਪੱਧਰ ਤੇ ਪਵਿੱਤਰ ਸ੍ਰੀ ਦੁਰਗਿਆਣਾ ਤੀਰਥ ਤੇ ਸ਼ੁਰੂ ਹੋ ਗਿਆ ਹੈ।
ਪੂਰੇ ਵਿਸ਼ਵ ਤੋਂ ਆਪਣੀਆਂ ਮਾਨਤਾਵਾਂ ਪੂਰੀਆਂ ਹੋਣ ਅਤੇ ਹੋਰ ਨਵੀਆਂ ਸੁੱਖਾਂ ਸੁੱਖ ਕੇ ਝੋਲੀਆਂ ਭਰਨ ਲਈ ਹਰ ਵਰਗ ਦੇ ਲੋਕ ਅਤੇ ਖਾਸ ਤੌਰ ਤੇ ਹਿੰਦੂ ਪਰਿਵਾਰਾਂ ਦੇ ਨਵ ਵਿਆਹੇ ਜੋੜੇ ਅਸ਼ੀਰਵਾਦ ਲੈਣ ਲਈ ਸ੍ਰੀ ਵੱਡਾ ਹਨੁਮਾਨ ਮੰਦਰ ਦੁਰਗਿਆਨਾ ਤੀਰਥ ਵਿਖੇ ਪਹੁੰਚ ਰਹੇ ਹਨ।
ਜ਼ਿਕਰਯੋਗ ਹੈ ਕਿ ਇਹ ਮੇਲਾ ਨੌ ਦਿਨ ਚੱਲਦਾ ਹੈ ਅਤੇ ਇਸ ਦੌਰਾਨ ਵਿਧੀਵਤ ਤਰੀਕੇ ਦੇ ਨਾਲ ਸੁਖਣਾ ਪੂਰੀਆਂ ਹੋਣ ਉਪਰੰਤ ਆਏ ਪਰਿਵਾਰ ਆਪਣੇ ਛੋਟੇ ਬੱਚਿਆਂ ਦੇ ਨਾਲ ਮੰਦਰ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਉਪਰੰਤ ਸ੍ਰੀ ਹਨੂਮਾਨ ਜੀ ਦੇ ਦਰਸ਼ਨ ਕਰਕੇ ਫਿਰ ਪਵਿੱਤਰ ਮੰਦਰ ਦੀ ਪਰਿਕਰਮਾ ਕਰਦੇ ਹਨ ਜਿਸ ਉਪਰੰਤ ਢੋਲ ਦੀ ਥਾਪ ਨਾਲ ਖੁਸ਼ੀਆਂ ਪ੍ਰਗਟ ਕਰਦੇ ਹੋਏ ਬਾਲਾ ਜੀ ਨੂੰ ਨਮਸਤਕ ਹੁੰਦੇ ਹਨ। ਦੁਰਗਿਆਣਾ ਤੀਰਥ ਦੀ ਪ੍ਰਧਾਨ ਸ੍ਰੀਮਤੀ ਲਕਸ਼ਮੀਕਾਂਤ ਚਾਵਲਾ ਨੇ ਦੱਸਿਆ ਕਿ ਮੇਲੇ ਵਿੱਚ ਆਉਣ ਵਾਲੇ ਹਰ ਤਰ੍ਹਾਂ ਦੇ ਸ਼ਰਧਾਲੂਆਂ ਅਤੇ ਦੂਰ ਦੁਰਾਡੇ ਸਥਾਨਾਂ ਤੋਂ ਆਏ ਪੰਡਤਾਂ , ਪ੍ਰੋਹਿਤਾਂ ਲਈ ਮੰਦਰ ਕਮੇਟੀ ਵੱਲੋਂ ਦੇਸੀ ਘਿਓ ਦੇ ਪਕਵਾਨ ਲੰਗਰ 24 ਘੰਟੇ ਨਿਰੰਤਰ ਜਾਰੀ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਉਨਾਂ ਨੇ ਸ਼ਰਧਾਲੂਆਂ ਨੂੰ ਇਹ ਅਪੀਲ ਕੀਤੀ ਕਿ ਉਹ ਬੜੇ ਸੰਜਮ ਅਤੇ ਖੁਸ਼ੀ ਖੁਸ਼ੀ ਦੇ ਨਾਲ ਇਸ ਪਵਿੱਤਰ ਤਿਉਹਾਰ ਨੂੰ ਸ਼ਰਧਾ ਪੂਰਵਕ ਮਨਾਉਣ।
ਕੈਪਸਨ। ਆਪਣੀਆਂ ਸੁੱਖਣਾ ਪੂਰੀਆਂ ਹੋਣ ਤੇ ਸ੍ਰੀ ਦੁਰਗਿਆਣਾ ਤੀਰਥ ਪੁੱਜੇ ਪਰਿਵਾਰ ਹਾਜ਼ਰੀਆਂ ਲਗਵਾਉਂਦੇ ਹੋਏ।