ਬੀਰ ਅਮਰ ਮਾਹਲ। ਸ੍ਰੀ ਅੰਮ੍ਰਿਤਸਰ ਸਾਹਿਬ। ਵਿਸ਼ੇਸ਼ ਰਿਪੋਰਟ।
ਸੇਜਲ ਹੋਈਆਂ ਅੱਖਾਂ ਦੇ ਨਾਲ ਪਾਕਿਸਤਾਨੀ ਹਿੰਦੂ ਨਾਗਰਿਕ ਰੈਂਚੋ ਬੇਹਾਲ ਹੋਇਆ ਮੱਥੇ ਤੇ ਹੱਥ ਮਾਰ ਮਾਰ ਕੇ ਕਹਿ ਰਿਹਾ ਸੀ ਕਿ ਸਾਹਿਬ ਮੈਨੂੰ ਕੀ ਪਤਾ ਸੀ ਕੀ ਮੇਰੇ ਨਾਲ ਐਡਾ ਵੱਡਾ ਭਾਣਾ ਵਰਤ ਜਾਣਾ ਹੈ ਕੀ ਮੇਰਾ ਮਾਸੂਮ ਸਰਹੱਦ ਦੇ ਉੱਤੇ ਹੀ ਜ਼ਿੰਦਗੀ ਮੌਤ ਦੀ ਲੜਾਈ ਲਈ ਡਿੱਗ ਪਵੇਗਾ।
ਇਹ ਗੱਲ 18/4/2025 ਦੇ ਦੁਪਹਿਰ ਵੇਲੇ ਦਿਨ ਦੀ ਗੱਲ ਹੈ ਜਦ ਪਾਕਿਸਤਾਨੀ ਨਾਗਰਿਕ ਰੈਂਚੋ ਆਪਣੇ ਪਰਿਵਾਰ ਅਤੇ ਪਤਨੀ ਤੇ ਛੋਟੇ ਬੱਚਿਆਂ ਸਮੇਤ ਆਪਣੇ ਇੱਕ ਰਿਸ਼ਤੇਦਾਰ ਦੇ ਸੱਦੇ ਤੇ ਇੱਕ ਸਮਾਰੋਹ ਲਈ ਪਾਕਿਸਤਾਨ ਤੋਂ ਵਾਇਆ ਅਟਾਰੀ ਹੁੰਦਾ ਹੋਇਆ ਜੋਧਪੁਰ ਜਾਣ ਲਈ ਬੜੇ ਹੀ ਚਾਵਾਂ ਮਲ੍ਹਾਰਾਂ ਦੇ ਨਾਲ ਅਟਾਰੀ ਸਰਹੱਦ ਤੇ ਵਿਜ਼ਟਰ ਵੀਜ਼ਾ ਲੈ ਕੇ ਪਹੁੰਚਿਆ।
ਉਸ ਨੂੰ ਕੀ ਪਤਾ ਸੀ ਕਿ ਉਸ ਨਾਲ ਅਣਹੋਣੀ ਬਾਰਡਰ ਦੀ ਲੀਕ ਦੇ ਉੱਤੇ ਹੀ ਦਸਤਕ ਦੇ ਰਹੀ ਹੈ। ਉਸ ਦੀਆਂ ਦੱਸਿਆ ਕਿ ਉਸ ਦਾ ਮਾਸੂਮ ਬੱਚਾ ਧੰਨੂ ਜਿਸ ਦੀ ਉਮਰ ਕਰੀਬ ਨੌ ਸਾਲ ਦੀ ਹੈ ਅਟਾਰੀ ਬਾਰਡਰ ਤੇ ਚੈੱਕ ਆਊਟ ਕਰਨ ਦੌਰਾਨ ਭਾਰਤ ਵੜਦੇ ਸਾਰ ਹੀ ਇੱਕ ਦਮ ਬੇਹੋਸ਼ ਹੋ ਕੇ ਜਮੀਨ ਤੇ ਡਿੱਗ ਗਿਆ। ਭਾਰਤ ਦੇ ਜੁਝਾਰੂ ਅਤੇ ਦਿਲਾਂ ਚ ਪਿਆਰ ਮੁਹੱਬਤ ਰੱਖਣ ਵਾਲੇ ਬੀਐਸਐਫ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਤੁਰੰਤ ਉਸ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ ਅਤੇ ਆਪਣੇ ਆਸੂਲੇਸ਼ਨ ਸੈਂਟਰ ਦੇ ਵਿੱਚ ਲੈ ਗਏ ਜਿੱਥੇ ਉਸ ਨੂੰ ਉਹਨਾਂ ਦੇ ਡਾਕਟਰਾਂ ਵੱਲੋਂ ਫੌਰੀ ਤੌਰ ਤੇ ਮੁਢਲੀ ਮੈਡੀਕਲ ਸਹਾਇਤਾ ਦੇ ਦਿੱਤੀ ਗਈ। ਜਦ ਮਸੂਮ ਪਾਕਿਸਤਾਨੀ ਬੱਚੇ ਧਨੂੰ ਨੂੰ ਮਾਮੂਲੀ ਹੋਸ਼ ਆਈ ਤਾਂ ਉਸ ਨੂੰ ਆਪਣੀ ਬੀਐਸਐਫ ਦੀ ਐਬੂਲੈਂਸ ਦੇ ਵਿੱਚ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾਕਟਰ ਕਰਮਜੀਤ ਸਿੰਘ ਦੇ ਨਾਲ ਗੱਲਬਾਤ ਕਰਕੇ ਹਸਪਤਾਲ ਇਲਾਜ ਲਈ ਲੈ ਪਹੁੰਚੇ।
ਡਾਕਟਰ ਕਰਮਜੀਤ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੂੰ ਵੀ ਜਾਣੂ ਕਰਵਾਇਆ ਅਤੇ ਉਹਨਾਂ ਦੇ ਵੱਡੇ ਹੁੰਗਾਰੇ ਦੇ ਨਾਲ ਬੱਚੇ ਦਾ ਪੈਡੀਐਟਰਿਕ ਮਾਹਰਾਂ ਨੇ ਤੁਰੰਤ ਇਲਾਜ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਬੱਚੇ ਦੀ ਹਾਲਤ ਨੂੰ ਵੇਖਦੇ ਹੋਏ ਉਸਨੂੰ ਤੁਰੰਤ ਆਈਸੀਯੂ ਦੇ ਵਿੱਚ ਦਾਖਲ ਕਰਕੇ ਉਸ ਨੂੰ ਆਕਸੀਜਨ ਦੇ ਰਾਹੀਂ ਇਲਾਜ ਦੇਣਾ ਸ਼ੁਰੂ ਕਰ ਦਿੱਤਾ ਗਿਆ। ਮੈਡੀਕਲ ਸੁਪਰੀਡੈਂਟ ਨੇ ਕਿਹਾ ਕਿ ਸਮੂਹ ਬੱਚਾ ਰੋਗ ਮਾਹਰਾਂ ਦੀ ਇੱਕ ਟੀਮ ਉਸ ਦੀ ਜਾਨ ਬਚਾਉਣ ਲਈ ਪੱਬਾ ਭਾਰ ਹੋ ਗਏ। ਇਸ ਦੌਰਾਨ ਉਨਾਂ ਨੇ ਬੱਚੇ ਦੇ ਐਕਸਰੇ ਅਤੇ ਸੀਟੀ ਸਕੈਨ ਤੋਂ ਇਲਾਵਾ ਸਾਰੀ ਬਾਡੀ ਦੇ ਖੂਨ ਟੈਸਟ ਜਾਂਚ ਵੀ ਕੀਤੇ। ਜਿਸ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਹੋਣ ਦੀ ਸੰਭਾਵਨਾ ਵਧ ਗਈ। ਕੁਝ ਦਿਨ ਲਗਾਤਾਰ ਇਲਾਜ ਤੋਂ ਬਾਅਦ ਬੱਚੇ ਨੂੰ ਮਾਮੂਲੀ ਹੋਸ਼ ਤੇ ਕੁਝ ਸੁਧਾਰ ਨਜ਼ਰੀ ਪੈਣ ਲੱਗੇ, ਪਰ ਅਗਲੇ ਹੀ ਦਿਨਾਂ ਦੇ ਵਿੱਚ ਮੁੜ ਬੱਚਾ ਜ਼ਿੰਦਗੀ ਮੌਤ ਦੀ ਲੜਾਈ ਤੇ ਆ ਗਿਆ। ਮੈਡੀਕਲ ਸੁਪਰੀਡੈਂਟ ਨੇ ਦੱਸਿਆ ਕਿ ਇਸ ਦੌਰਾਨ ਲਗਾਤਾਰ ਡਿਪਟੀ ਕਮਿਸ਼ਨਰ ਵੱਲੋਂ ਬੱਚੇ ਦੇ ਸਿਹਤ ਸੁਧਾਰਾਂ ਬਾਰੇ ਹਾਲ ਜਾਣਿਆ ਜਾਂਦਾ ਰਿਹਾ। ਮੈਡੀਕਲ ਸੁਪਰੀਡੈਂਟ ਨੇ ਇਹ ਵੀ ਦੱਸਿਆ ਕਿ ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ ਜਾਣੂ ਕਰਾਇਆ ਗਿਆ ਕਿ ਬੱਚੇ ਨੂੰ ਵਧੇਰੇ ਇਲਾਜ ਦੀ ਲੋੜ ਹੈ। ਇਸ ਦੌਰਾਨ ਹੀ ਸ਼੍ਰੀਨਗਰ ਜੰਮੂ ਕਸ਼ਮੀਰ, ਵਿੱਚ ਪਹਿਲਗਾਮ ਇਲਾਕੇ ਵਿੱਚ ਹੋਈ ਦੁੱਖ ਦਰਦ ਮੰਦਭਾਗੀ ਘਟਨਾ ਨਾਲ ਜਿੱਥੇ ਹੀ ਸਮੂਹ ਭਾਰਤ ਵਾਸੀਆਂ ਦੇ ਹਿਰਦੇ ਵਲੂੰਦਰੇ ਗਏ ਉਥੇ ਹੀ ਭਾਰਤ ਸਰਕਾਰ ਵੱਲੋਂ ਵਿਜ਼ਟਰ ਵੀਜੇ ਤੇ ਆਏ ਹੋਏ ਸਮੂਹ ਪਾਕਿਸਤਾਨੀਆਂ ਨੂੰ ਆਪਣੇ ਦੇਸ਼ ਪਾਕਿਸਤਾਨ ਮੁੜਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਇਹ ਹੁਕਮ ਇਸ ਮਾਸੂਮ ਧਨੂੰ ਤੇ ਵੀ ਲਾਗੂ ਹੁੰਦੇ ਸਨ,
ਜਿਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕਰਕੇ ਇਸ ਵਿਸ਼ੇ ਨੂੰ ਅੰਤਰਰਾਸ਼ਟਰੀ ਮੁੱਦਾ ਅਤੇ ਇੱਕ ਮਾਸੂਮ ਬੱਚੇ ਦੀ ਜਾਨ ਦੀ ਗੁਹਾਰ ਲਗਾ ਕੇ ਉੱਚ ਅਧਿਕਾਰੀਆਂ, ਦਿੱਲੀ ਤੱਕ ਪਹੁੰਚ ਕੀਤੀ ਗਈ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਬੱਚੇ ਨੂੰ ਇਲਾਜ ਲਈ ਹਸਪਤਾਲ ਵਿੱਚ ਰੱਖਣ ਦੇ ਹੁਕਮ ਅਧਿਕਾਰੀਆਂ ਨੂੰ ਮਿਲ ਗਏ, ਜਿਸ ਨਾਲ ਬੱਚੇ ਦੀ ਇਲਾਜ ਪ੍ਰਕਿਰਿਆ ਦੇ ਵਿੱਚ ਹੋਰ ਤੇਜ਼ੀ ਲਿਆਂਦੀ ਗਈ। ਮੈਡੀਕਲ ਸੁਪਰੀਡੈਂਟ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਇੱਕ ਮਾਹਰਾਂ ਦੇ ਪੈਨਲ ਨੂੰ ਨਿਯੁਕਤ ਕੀਤਾ ਗਿਆ ਜਿਸ ਵਿੱਚ ਨਿਊਰੋ ਸਰਜਨ ਦੀ ਟੀਮ ਵੀ ਸ਼ਾਮਿਲ ਕੀਤੀ ਗਈ ਜਿਨਾਂ ਨੇ ਤੁਰੰਤ ਬੱਚੇ ਦੀ ਜਾਂਚ ਅਤੇ ਸਿਹਤ ਵਿੱਚ ਸੁਧਾਰ ਨਾ ਹੁੰਦਾ ਵੇਖ ਕੇ ਉਸ ਦੇ ਰੀੜ ਦੀ ਹੱਡੀ ਦੀ ਐਮਆਰਆਈ ਕਰਾਉਣ ਦਾ ਸੁਝਾਅ ਦਿੱਤਾ ਗਿਆ। ਜਿਸ ਦੇ ਨਤੀਜਿਆਂ ਨੇ ਸਾਰੇ ਡਾਕਟਰਾਂ ਨੂੰ ਚੋਕਾਂ ਕੇ ਰੱਖ ਦਿੱਤਾ ਕਿਉਂਕਿ ਬੱਚੇ ਦੀ ਰੀੜ ਦੀ ਹੱਡੀ ਵਿੱਚ ਕੈਂਸਰ ਦਾ ਟਿਊਟਰ ਦੇ ਲਛੱਣ ਸਾਹਮਣੇ ਆਇਆ। ਇੱਥੇ ਇਹ ਦੱਸਣਾ ਬਣਦਾ ਹੈ ਕਿ ਜਦ ਅੱਜ ਪੰਜਾਬੀ ਜਾਗਰਣ ਦੇ ਉੱਕਤ ਪੱਤਰਕਾਰ ਵੱਲੋਂ ਖੁਦ ਆਈਸੀਯੂ ਵਿੱਚ ਜਾ ਕੇ ਇਸ ਸਬੰਧੀ ਵਿਸ਼ੇਸ਼ ਜਾਣਕਾਰੀ ਲਈ ਗਈ ਤਾਂ ਮਾਸੂਮ ਧੰਨੂ ਦੇ ਪਿਤਾ ਰੈਂਚੋ ਨੇ ਰੋਂਦੇ ਹੋਏ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਸ ਦੇ ਬੱਚੇ ਨੂੰ ਇਲਾਜ ਲਈ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਹੀ ਰਹਿਣ ਦਿੱਤਾ ਜਾਵੇ ਕਿਉਂਕਿ ਜੋ ਇਲਾਜ ਪ੍ਰਕਿਰਿਆ ਉਸਨੂੰ ਇਥੋਂ ਮਿਲ ਰਹੀ ਹੈ ਉਹ ਵੀ ਬਿਨਾਂ ਕੋਈ ਪੈਸਾ ਖਰਚੇ ਉਹ ਉਸ ਨੂੰ ਕਿਸੇ ਜਗ੍ਹਾ ਤੋਂ ਨਹੀਂ ਮਿਲ ਸਕਦੀ ਅਗਰ ਸਰਕਾਰਾਂ ਨੇ ਇਸ ਪ੍ਰਤੀ ਸੰਜੀਦਗੀ ਨਹੀਂ ਵਿਖਾਈ ਤਾਂ ਉਹ ਆਪਣੇ ਪਿਆਰੇ ਪੁੱਤਰ ਨੂੰ ਹੱਥੋਂ ਗਵਾ ਬੈਠੇਗਾ। ਉਸਨੇ ਇਹ ਵੀ ਦੱਸਿਆ ਕਿ ਹਸਪਤਾਲ ਵਿੱਚ ਉਸ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆ ਰਹੀ ਅਤੇ ਬਕਾਇਦਾ ਤੌਰ ਤੇ ਉਸ ਨੂੰ ਖਾਣ ਪੀਣ ਲਈ ਵੀ ਬਿਲਕੁਲ ਮੁਫਤ ਸਹੂਲਤ ਅਤੇ ਭੋਜਨ ਸਮੇਤ ਦਵਾਈਆਂ ਮਿਲ ਰਿਹਾ ਹੈ। ਉਸ ਨੇ ਪੰਜਾਬ ਸਰਕਾਰ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਕਿ ਜਿਨਾਂ ਨੇ ਬਿਨਾਂ ਕਿਸੇ ਵਿਤਕਰੇ ਤੇ ਉਸਦੇ ਬੱਚੇ ਲਈ ਦਿਨ ਰਾਤ ਇੱਕ ਕਰਨ ਲਈ ਡਾਕਟਰਾਂ ਦੇ ਵੱਡੇ ਪੈਨਲ ਦੀ ਹਮਦਰਦੀ ਮਿਲੀ ਹੈ। ਇਥੇ ਇਹ ਦੱਸਣਾ ਬਣਦਾ ਹੈ ਕਿ ਕੀਤੀ ਗਈ ਐਮਆਰਆਈ ਤੋਂ ਬਾਅਦ ਹੁਣ ਇਸ ਬੱਚੇ ਨੂੰ ਇੱਕ ਵਿਸ਼ੇਸ਼ ਸਰਜਰੀ ਦੀ ਵੀ ਲੋੜ ਪੈ ਸਕਦੀ ਹੈ ਜੋ ਕਿ ਉੱਚ ਪੱਧਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੁਕਮਾਂ ਤੋਂ ਬਿਨਾਂ ਕੀਤੇ ਜਾਣਾ ਅਸੰਭਵ ਹੈ। ਉਹਨਾਂ ਇਹ ਵੀ ਦੱਸਿਆ ਕਿ ਬੱਚੇ ਦੀ ਹਾਲਤ ਅਜੇ ਕ੍ਰਿਟੀਕਲ ਬਣੀ ਹੋਈ ਹੈ ਅਤੇ ਉਸਨੂੰ ਹਰ ਤਰ੍ਹਾਂ ਦੀਆਂ ਵਿਸ਼ੇਸ਼ ਸਹੂਲਤਾਂ ਦੇ ਨਾਲ ਆਈਸੀਯੂ ਦੇ ਵਿੱਚ ਵੈਂਟੀਲੇਟਰ ਤੇ ਰੱਖਿਆ ਗਿਆ ਹੈ। ਕੈਪਸਨ। ਗੁਰੂ ਨਾਨਕ ਦੇਵ ਹਸਪਤਾਲ ਵਿੱਚ ਆਈਸੀਯੂ ਸੈਂਟਰ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਪਾਕਿਸਤਾਨੀ ਮਾਸੂਮ ਬੱਚੇ ਧੰਨੂ ਦੇ ਪਾਸ ਖੜਾ ਉਸਦਾ ਪਿਤਾ ਰੈਂਚੋ। ਜਾਣਕਾਰੀ ਦਿੰਦੇ ਹੋਏ ਮੈਡੀਕਲ ਸੁਪਰਡੈਂਟ ਡਾ, ਕਰਮਜੀਤ ਸਿੰਘ।