Fri. Aug 1st, 2025

ਕਲਾਨੌਰ/ਡੇਰਾ ਬਾਬਾ ਨਾਨਕ (ਵਰਿੰਦਰ ਬੇਦੀ) –

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਸੂਬੇ ਵਿੱਚ ਨਸ਼ਾ ਤਸਕਰਾਂ ਖਿਲਾਫ਼ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਅਤੇ ਰਾਜ ਸਰਕਾਰ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਛੋਟੇ-ਵੱਡੇ ਤਸਕਰਾਂ ਨੂੰ ਜੇਲ੍ਹਾਂ ਦੀ ਸ਼ਲਾਖਾਂ ਪਿੱਛੇ ਬੰਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੰਜਾਬ ਦੀ ਪਾਵਨ ਧਰਤੀ ਨੂੰ ਨਸ਼ਿਆਂ ਦਾ ਅੱਡੇ ਬਣਾਉਣ ਵਾਲੇ ਕਿਸੇ ਵੀ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਬੀਤੀ ਸ਼ਾਮ ਕਲਾਨੌਰ ਵਿਖੇ ਨਸ਼ਾ ਮੁਕਤੀ ਯਾਤਰਾ ਦੌਰਾਨ ਇੱਕ ਜਨ ਸਮੂਹ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਨਸ਼ਾ ਮੁਕਤੀ ਯਾਤਰਾ ਤਹਿਤ ਪਿੰਡ-ਪਿੰਡ ਤੇ ਸ਼ਹਿਰਾਂ ਦੇ ਵਾਰਡਾਂ ਤੱਕ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਨਸ਼ਿਆਂ ਵਿਰੁੱਧ ਲਾਮਬੱਧ ਕੀਤਾ ਜਾ ਰਿਹਾ ਹੈ ਅਤੇ ਲੋਕ ਨਸ਼ਾ ਮੁਕਤੀ ਯਾਤਰਾ ਨਾਲ ਜੁੜ ਕੇ ਇੱਕ ਵੱਡੀ ਲੋਕ ਲਹਿਰ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਅੰਦੋਲਨ ਲੋਕਾਂ ਦੇ ਸਹਿਯੋਗ ਨਾਲ ਹੀ ਜਿੱਤਿਆ ਜਾਂਦਾ ਹੈ ਅਤੇ ਜਿਸ ਤਰਾਂ ਲੋਕ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਾਥ ਦੇ ਰਹੇ ਹਨ, ਉਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਸਾਡਾ ਪੰਜਾਬ ਨਸ਼ਿਆਂ ਵਿਰੁੱਧ ਇਸ ਜੰਗ ਵਿੱਚ ਵੀ ਜੇਤੂ ਹੋ ਕੇ ਉਭਰੇਗਾ।

ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਹਲਕੇ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਯਤਨ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਸਾਡੇ ਹਲਕੇ ਦੇ ਨਾਲ ਗੁਆਂਢੀ ਦੇਸ਼ ਪਾਕਿਸਤਾਨ ਦੀ ਸਰਹੱਦ ਵੀ ਲੱਗਦੀ ਹੈ ਅਤੇ ਦੁਸ਼ਮਣ ਦੇਸ਼ ਵੱਲੋਂ ਅਕਸਰ ਹੀ ਡਰੋਨ ਰਾਹੀਂ ਨਸ਼ਾ ਏਧਰ ਭੇਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਅਤੇ ਲੋਕਾਂ ਨੂੰ ਹੋਰ ਵੀ ਚੌਕਸ ਹੋਣ ਦੀ ਲੋੜ ਹੈ ਅਤੇ ਜਦੋਂ ਵੀ ਉਹ ਅਜਿਹੀ ਕੋਈ ਸ਼ੱਕੀ ਗਤੀਵਿਧੀ ਦੇਖਣ ਤਾਂ ਤੁਰੰਤ ਬੀ.ਐੱਸ.ਐੱਫ. ਜਾਂ ਪੰਜਾਬ ਪੁਲਿਸ ਨੂੰ ਸੂਚਿਤ ਕਰਨ।

ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾ ਰਹੇ ਹਨ ਓਥੇ ਆਪਣੇ ਸੂਬੇ ਦੀ ਜਵਾਨੀ ਨੂੰ ਖੇਡਾਂ ਨਾਲ ਜੋੜਨ ਲਈ ਪਿੰਡਾਂ ਵਿੱਚ ਖੇਡ ਮੈਦਾਨ ਤੇ ਸਟੇਡੀਅਮ ਬਣਾਏ ਜਾ ਰਹੇ ਹਨ। ਉਨ੍ਹਾਂ ਡੇਰਾ ਬਾਬਾ ਨਾਨਕ ਹਲਕੇ ਦੇ ਵਸਨੀਕਾਂ ਨੂੰ ਸੱਦਾ ਦਿੱਤਾ ਕਿ ਆਓ ਅਸੀਂ ਸਾਰੇ ਮਿਲ ਕੇ ਆਪਣੇ ਹਲਕੇ ਨੂੰ ਨਸ਼ਾ ਮੁਕਤ ਕਰਕੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਆਪਣਾ ਮੋਹਰੀ ਯੋਗਦਾਨ ਪਾਈਏ। ਇਸ ਮੌਕੇ ਉਨ੍ਹਾਂ ਕਲਾਨੌਰ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਾਥ ਦੇਣ ਦੀ ਸਹੁੰ ਵੀ ਚੁਕਾਈ।

ਇਸ ਮੌਕੇ ਉਨ੍ਹਾਂ ਨਾਲ ਤਹਿਸੀਲਦਾਰ ਰਜਿੰਦਰ ਸਿੰਘ, ਬੀ.ਡੀ.ਪੀ.ਓ. ਕਲਾਨੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਕਲਾਨੌਰ ਦੇ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *