Sat. Aug 2nd, 2025

ਬਟਾਲਾ,2 ਅਗਸਤ (  ਚੇਤਨ ਸਰਮਾ ਸੁਮਿਤ ਨਾਂਰਗ ੍ਆਦਰਸ ਤੁਲੀ ) ਜ਼ਿਲ੍ਹਾ ਪੁਲਿਸ ਬਟਾਲਾ ਵੱਲੋਂ ਗੁਰਦਾਸਪੁਰ ਤੋਂ ਮਾਣਯੋਗ ਸੰਸਦ ਮੈਂਬਰ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦੱਸੀ ਗਈ ਘਟਨਾ ‘ਤੇ ਤੁਰੰਤ ਕਾਰਵਾਈ ਕੀਤੀ ਗਈ ਹੈ।

ਅੱਦ ਪੁਲਿਸ ਲਾਈਨ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ 31 ਜੁਲਾਈ 2025 ਨੂੰ ਲਗਭਗ ਦੁਪਹਿਰ 3 ਵਜੇ, ਗੁਰਦਾਸਪੁਰ ਦੇ ਸਾਂਸਦ ਦੇ ਪੁੱਤਰ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਵੀਡੀਓ ਅਪਲੋਡ ਕੀਤਾ ਗਿਆ। ਇਸ ਪੋਸਟ ਦੇ ਜਵਾਬ ਵਿੱਚ “ਗਗਨ ਰੰਧਾਵਾ” ਨਾਂਅ ਦੇ ਇੱਕ ਉਪਭੋਗੀ ਵੱਲੋਂ ਧਮਕੀ ਭਰੀ ਟਿੱਪਣੀ ਕੀਤੀ ਗਈ। ਹਾਲਾਂਕਿ ਇਹ ਟਿੱਪਣੀ ਬਾਅਦ ਵਿੱਚ ਹਟਾ ਦਿੱਤੀ ਗਈ, ਪਰ ਜਿਲ੍ਹਾ ਪੁਲਿਸ ਬਟਾਲਾ ਨੇ ਤੁਰੰਤ ਕਾਰਵਾਈ ਕੀਤੀ।

ਉਨ੍ਹਾਂ ਅੱਗੇ ਦੱਸਿਆ ਕਿ ਇੰਸਟਾਗ੍ਰਾਮ ਦੀ ਲਾਅ ਇਨਫੋਰਸਮੈਂਟ ਟੀਮ ਦੀ ਮਦਦ ਨਾਲ ਆਈਪੀ ਐਡਰੈੱਸ ਅਤੇ ਲਾਗਇਨ ਵੇਰਵੇ ਪ੍ਰਾਪਤ ਕੀਤੇ ਗਏ। ਤਕਨੀਕੀ ਨਿਗਰਾਨੀ ਅਤੇ ਡਿਜੀਟਲ ਵਿਸ਼ਲੇਸ਼ਣ ਦੇ ਆਧਾਰ `ਤੇ ਦੋਸ਼ੀ ਦੀ ਪਛਾਣ ਹੋਈ ਅਤੇ । ਅਗਸਤ 2025 ਦੀ ਸਵੇਰ ਨੂੰ ਗ੍ਰਿਫ਼ਤਾਰੀ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਗਗਨਦੀਪ ਸਿੰਘ, ਪੁੱਤਰ ਦਿਲਬਾਗ ਸਿੰਘ, ਨਿਵਾਸੀ ਪਿੰਡ ਘਣੀਏ ਕੇ ਬਾਂਗਰ (ਮੌਜੂਦਾ ਨਿਵਾਸ ਗੁਲਮਰਗ ਐਵੇਨਿਊ, ਅੰਮ੍ਰਿਤਸਰ) ਵਜੋਂ ਹੋਈ ਹੈ। ਉਸਦੇ ਮੋਬਾਈਲ ਫੋਨ ਦੀ ਜਾਂਚ ਦੌਰਾਨ “ਗਗਨ ਰੰਧਾਵਾ’ ਨਾਂਅ ਦਾ ਇੰਸਟਾਗ੍ਰਾਮ ਅਕਾਉਂਟ ਐਕਟਿਵ ਅਤੇ ਲਾਗਇਨ ਮਿਲਿਆ।

ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ ਦੌਰਾਨ ਦੋਸ਼ੀ ਨੇ ਕਿਹਾ ਕਿ ਉਸਨੇ ਇਹ ਟਿੱਪਣੀ ਮਜ਼ਾਕ ਵਿਚ ਕੀਤੀ ਸੀ। ਇਸ ਪੜਾਅ ‘ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਕੋਈ ਸਿੱਧਾ ਸੰਬੰਧ ਸਾਬਤ ਨਹੀਂ ਹੋਇਆ, ਪਰ ਬਟਾਲਾ ਪੁਲਿਸ ਪੂਰੀ ਤਰੀਕੇ ਨਾਲ ਪੇਸ਼ੇਵਰ ਢੰਗ ਨਾਲ ਜਾਂਚ ਜਾਰੀ ਰੱਖੇ ਹੋਈ ਹੈ, ਤਾਂ ਜੋ ਕਿਸੇ ਵੀ ਡੂੰਘੇ ਸੰਬੰਧ ਦਾ ਪਤਾ ਲੱਗ ਸਕੇ। ਇਸ ਸਬੰਧ ਵਿੱਚ FIR ਨੰਬਰ 98/2025 ਮਿਤੀ 2-08-2025 ਜੁਰਮ BNS ਅਤੇIT ਐਕਟ ਦੀਆਂ ਉਚਿਤ ਧਾਰਾਵਾਂ ਅਧੀਨ ਥਾਣਾ ਕੋਟਲੀ ਸੂਰਤ ਮੱਲੀਆਂ ਵਿੱਚ ਦਰਜ ਕੀਤੀ ਗਈ।

ਇਹ ਦੱਸਣਯੋਗ ਹੈ ਕਿ ਜ਼ਿਲ੍ਹਾ ਪੁਲਿਸ ਵੱਲੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਪਹਿਲਾਂ ਹੀ ਕਈ ਰੋਕਥਾਮੀ ਕਦਮ ਚੁੱਕੇ ਜਾ ਚੁੱਕੇ ਹਨ। ਸਿਲਚਰ, ਅਸਾਮ ਦੀ ਜੇਲ੍ਹ ਪ੍ਰਸ਼ਾਸਨ (ਜਿੱਥੇ ਉਹ ਕੈਦ ਹੈ) ਨੂੰ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਕਈ ਵਾਰ ਲਿਖਤੀ ਰੂਪ ਵਿੱਚ ਸਖ਼ਤ ਨਿਗਰਾਨੀ ਅਤੇ ਕਾਰਵਾਈ ਲਈ ਮੰਗ ਕੀਤੀ ਗਈ ਹੈ, ਤਾਂ ਜੇ ਜੇਲ੍ਹ ਅੰਦਰੋਂ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਸੰਚਾਰ ਜਾਂ ਹਦਾਇਤਾਂ ਜਾਰੀ ਨਾ ਕੀਤੀਆਂ ਜਾ ਸਕਣ।

ਉਨ੍ਹਾਂ ਕਿਹਾ ਕ ਜਿਲ੍ਹਾ ਪੁਲਿਸ ਬਟਾਲਾ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ ਕਿ ਕਾਨੂੰਨ ਦਾ ਰਾਜ ਕਾਇਮ ਰੱਖ ਅਤੇ ਸ਼ਾਂਤੀ ਤੇ ਲੋਕਾਂ ਦੇ ਭਰੋਸੇ ਨੂੰ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਸਚੇਤ ਅਤੇ ਸਰਗਰਮ ਰਹੇਗੀ

Leave a Reply

Your email address will not be published. Required fields are marked *