Sun. Jul 27th, 2025

ਬਟਾਲਾ, 7 ਅਗਸਤ ( ਚਰਨਦੀਪ ਬੇਦੀ )

ਸ੍ਰੀ ਸੁਹੇਲ ਕਾਸਿਮ ਮੀਰ, ਆਈ.ਪੀ.ਐਸ (2017) ਵਲੋਂ ਐਸ.ਐਸ.ਪੀ ਬਟਾਲਾ ਦਾ ਅਹੁੱਦਾ ਸੰਭਾਲ ਲਿਆ ਗਿਆ ਹੈ ਅਤੇ ਅੱਜ ਉਨਾਂ ਵਲੋਂ ਪੱਤਰਕਾਰ ਸਾਥੀਆਂ ਨਾਲ ਪਲੇਠੀ ਮੀਟਿੰਗ ਕੀਤੀ ਗਈ। ਦੱਸਣਯੋਗ ਹੈ ਕਿ ਐਸ.ਐਸ.ਪੀ ਬਟਾਲਾ ਦਾ ਅਹੁੱਦਾ ਸੰਭਾਲਣ ਤੋਂ ਪਹਿਲਾਂ ਸ੍ਰੀ ਸੁਹੇਲ ਕਾਸਿਮ ਮੀਰ ਪਠਾਨਕੋਟ ਵਿਖੇ ਐਸ.ਐਸ.ਪੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ।

ਇਸ ਮੌਕੇ ਡੀਐਸਪੀ ਰਸ਼ਪਾਲ ਸਿੰਘ (ਹੈੱਡਕੁਆਟਰ) ਅਤੇ ਇੰਸਪੈਕਟਰ ਅਨਿਲ ਪਵਾਰ ਟਰੈਫਿਕ ਇੰਚਾਰਜ ਬਟਾਲਾ ਵੀ ਮੋਜੂਦ ਸਨ। ਪੁਲਿਸ ਲਾਈਨ ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ ਤੇ ਹਰੇਕ ਨਾਗਰਿਕ ਦਾ ਉਨਾਂ ਦੇ ਦਫ਼ਤਰ ਵਿਚ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਨਿਆਂ ਦਿਵਾਉਣਾ ਪੁਲਿਸ ਪ੍ਰਸ਼ਾਸਨ ਦੀ ਪਹਿਲ ਹੋਵੇਗੀ ਅਤੇ ਥਾਣਿਆਂ, ਪੁਲਿਸ ਚੌਂਕੀਆਂ ਅਤੇ ਪੁਲਿਸ ਵਿਭਾਗ ਦੇ ਦਫਤਰਾਂ ਵਿਚ ਲੋਕਾਂ ਦੀ ਹਰ ਮੁਸ਼ਕਿਲ ਹੱਲ ਕਰਨੀ ਉਨਾਂ ਦੀ ਪ੍ਰਾਰਥਮਿਕਤਾ ਹੋਵੇਗੀ। ਉਨਾਂ ਅੱਗੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਨਕੇਲ ਹੋਰ ਕੱਸੀ ਜਾਵੇਗੀ ਅਤੇ ਪੁਲਿਸ ਜ਼ਿਲ੍ਹਾ ਬਟਾਲਾ ਅੰਦਰ ਅਮਨ, ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਪੁਲਿਸ ਪ੍ਰਸ਼ਾਸਨ ਦੀ ਪ੍ਰਮੁੱਖਤਾ ਹੋਵੇਗੀ।ਉਨਾਂ ਅੱਗੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੋਥਾ ਥੰਮ ਹੈ ਅਤੇ ਲੋਕਤੰਤਰ ਦੀ ਮਜ਼ਬੂਤੀ ਵਿੱਚ ਪੱਤਰਕਾਰਿਤਾ ਦੀ ਉਸਾਰੀ ਭੂਮਿਕਾ ਬਹੁਤ ਮਹੱਤਵ ਰੱਖਦੀ ਹੈ। ਮੀਡੀਆ ਦੇ ਤਾਲਮੇਲ ਅਤੇ ਸਹਿਯੋਗ ਨਾਲ ਸਮਾਜ ਵਿਚੋਂ ਮਾੜੇ ਅਨਸਰਾਂ ਨੂੰ ਖਤਮ ਕਰਕੇ ਹੋਰ ਬਿਹਤਰ ਸਮਾਜ ਦੀ ਸਿਰਜਨਾ ਕੀਤੀ ਜਾ ਸਕਦੀ ਹੈ ਅਤੇ ਉਨਾਂ ਨੂੰ ਪੂਰੀ ਆਸ ਹੈ ਕਿ ਮੀਡੀਆ ਆਪਣੇ ਫਰਜਾਂ ਨੂੰ ਸਮਝਦੇ ਹੋਏ ਆਪਣਾ ਵੱਡਮੁੱਲਾ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਪੱਤਰਕਾਰ ਸਾਥੀਆਂ ਵਲੋਂ ਪੁਲਿਸ ਜ਼ਿਲ੍ਹਾ ਬਟਾਲਾ ਦੇ ਵੱਖ-ਵੱਖ ਪਹਿਲੂਆਂ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ।

Leave a Reply

Your email address will not be published. Required fields are marked *