ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਅਤੇ ਐਡਵੋਕੇਟ ਅਮਨਦੀਪ ਦੀਪੂ ਜੈਂਤੀਪੁਰ ਨੇ ਸਰਬਸੰਮਤੀ ਨਾਲ ਚੁਣੀ ਪੰਚਾਇਤ ਨੂੰ ਕੀਤਾ ਸਨਮਾਨਿਤ
ਬਟਾਲਾ 14 ਅਕਤੂਬਰ ( ਚਰਨਦੀਪ ਬੇਦੀ)
ਪਿੰਡ ਜੈਂਤੀਪੁਰ ਇਕਲੌਤਾ ਪਿੰਡ ਹੈ ਜਿੱਥੇ ਪਿਛਲੇ 40 ਸਾਲਾਂ ਤੋਂ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਚੁਣੀ ਜਾਂਦੀ ਹੈ ਅਤੇ ਪਿੰਡ ਦੀ ਭਾਈਚਾਰਕ ਸਾਂਝ ਨੂੰ ਮਜਬੂਤ ਬਣਾਈ ਰੱਖਣ ਲਈ ਪਿੰਡ ਵਾਸੀਆਂ ਨੇ ਇਸ ਇਸ ਬਹੁਤ ਹੀ ਚੰਗੀ ਰਵਾਇਤ ਨੂੰ ਹੁਣ ਤੱਕ ਕਾਇਮ ਰੱਖਿਆ ਹੈ ਅਤੇ ਇਸ ਵਾਰ ਵੀ ਸਰਬਸੰਮਤੀ ਨਾਲ ਨਵੀਂ ਪੰਚਾਇਤ ਚੁਣੀ ਹੈ, ਜਿਸ ਵਿੱਚ ਸੰਦੀਪ ਕੁਮਾਰ ਸਰਪੰਚ ਅਤੇ ਰੌਸਨ ਲਾਲ, ਮੁਖਤਾਰ ਸਿੰਘ,ਅਸੀਸ ਕੁਮਾਰ, ਬੀਬੀ ਕਵਿਤਾ ਅਤੇ ਬੀਬੀ ਸਲੀਨਾ ਮੈਂਬਰ ਪੰਚਾਇਤ ਚੁਣੇ ਗਏ। ਜਿਕਰਯੋਗ ਹੈ ਕਿ ਹੁਣ ਤੱਕ 9 ਵਾਰ ਪਿੰਡ ਜੈਂਤੀਪੁਰ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਹੈ ।
ਜਿਸ ਦੌਰਾਨ ਸ੍ਰੀ ਗੁਲਜਾਰੀ ਲਾਲ ਦੋ ਵਾਰ, ਸ੍ਰੀ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ (ਸਪੁੱਤਰ ਸ੍ਰੀ ਗੁਲਜਾਰੀ ਲਾਲ) ਦੋ ਵਾਰ, ਮੁਖਤਾਰ ਸਿੰਘ ਇੱਕ ਵਾਰ, ਬੀਬੀ ਬੀਰੋ (ਪਤਨੀ ਮੁਖਤਾਰ ਸਿੰਘ) ਇੱਕ ਵਾਰ, ਸ੍ਰੀ ਅਸਵਨੀ ਕੁਮਾਰ (ਸਪੁੱਤਰ ਸ੍ਰੀ ਗੁਲਜਾਰੀ ਲਾਲ) ਇੱਕ ਵਾਰ ਅਤੇ ਹੁਣ ਸੰਦੀਪ ਕੁਮਾਰ (ਪੋਤਰਾ ਸ੍ਰੀ ਗਲਜਾਰੀ ਲਾਲ) ਦੂਜੀ ਵਾਰ ਸਰਬਸੰਮਤੀ ਨਾਲ ਪਿੰਡ ਜੈਂਤੀਪੁਰ ਦੇ ਸਰਪੰਚ ਚੁਣੇ ਗਏ ਹਨ, ਜੋ ਕਿ ਪੰਜਾਬ ਦੇ ਹੋਰ ਪਿੰਡਾਂ ਲਈ ਵੀ ਆਪਸੀ ਭਾਈਚਾਰਕ ਸਾਂਝ ਮਜਬੂਤ ਬਣਾਈ ਰੱਖਣ ਲਈ ਪ੍ਰੇਰਨਾ ਸਰੋਤ ਹੈ। ਇਸ ਮੌਕੇ ਜਿਲਾ ਪ੍ਰੀਸਦ ਅੰਮਿ੍ਰਤਸਰ ਦੇ ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਅਤੇ ਐਡਵੋਕੇਟ ਅਮਨਦੀਪ ਦੀਪੂ ਜੈਂਤੀਪੁਰ ਨੇ ਸਰਬਸੰਮਤੀ ਨਾਲ ਚੁਣੀ ਨਵੀਂ ਪੰਚਾਇਤ ਅਤੇ ਸਰਪੰਚ ਸੰਦੀਪ ਕੁਮਾਰ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਪਿੰਡ ਦੀ ਸੰਮੂਹ ਸੰਗਤ ਦਾ ਇਸ ਸਲਾਘਾਯੋਗ ਉਪਰਾਲੇ ਲਈ ਧੰਨਵਾਦ ਕੀਤਾ।