Skip to content
-ਜਿਹੜੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਊਣ ਦੀ ਗਲਤੀ ਕਰਨਗੇ ਉਨ੍ਹਾਂ ਨੂੰ ਨਤੀਜ਼ੇ ਵੀ ਭੁਗਤਣੇ ਪੈਣਗੇ: ਐਸ.ਡੀ.ਐਮ.
ਕਲਾਨੌਰ, 29 ਸਤੰਬਰ (ਵਰਿੰਦਰ ਬੇਦੀ)-
ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤਹਿਤ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਦੇ ਯੋਗ ਨਿਪਟਾਰੇ ਲਈ ਕਿਸਾਨਾਂ ਨੂੰ ਪ੍ਰਸ਼ਾਸ਼ਨ ਨਾਲ ਸਹਿਯੋਗ ਕਰਨ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਐਸ.ਡੀ.ਐਮ. ਦਫਤਰ ਕਲਾਨੌਰ ਵਿਖੇ ਮੈਡਮ ਜਯੋਤਸਨਾ ਸਿੰਘ ਦੀ ਅਗਵਾਈ ’ਚ ਮੀਟਿੰਗ ਕੀਤੀ ਗਈ।

ਜਿਸ ’ਚ ਵੱਖ ਵੱਖ ਪਿੰਡਾਂ ਦੇ ਨੰਬਰਦਾਰ, ਮੁਹਤਬਰਾਂ ਸਮੇਤ ਖੇਤੀਬਾੜੀ ਤੇ ਮਾਲ ਵਿਭਾਗ ਦੇ ਕਰਮਚਾਰੀ ਸ਼ਾਮਲ ਹੋਏ। ਇਸ ਮੌਕੇ ’ਤੇ ਐਸ.ਡੀ.ਐਮ. ਜਯੋਤਸਨਾ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਹੈ ਕਿ ਕਿਸਾਨਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਨਾਂ ਲਗਾਊਣ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਸਾਨਾਂ ਨੂੰ ਫਸਲ ਦੀ ਰਹਿੰਦ-ਖੂੰਹਦ ਨਾ ਸਾੜਨ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਸਬਸਿਡੀ ਉੱਪਰ ਮੁਹੱਈਆ ਕਰਵਾਈ ਗਈ ਖੇਤੀ ਮਸ਼ੀਨਰੀ ਦਾ ਯੋਗ ਇਸਤੇਮਾਲ ਯਕੀਨੀ ਬਣਾਇਆ ਜਾਵੇ ਅਤੇ ਖੇਤਰ ’ਚ ਪਰਾਲੀ ਦੀ ਸਾਂਭ ਸੰਭਾਲ ਲਈ ਯੋਗ ਮਸ਼ੀਨਰੀ ਉਪਲੱਬਧ ਹੈ। ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਕੋਲੇ ਛੋਟੇ ਕਿਸਾਨਾਂ ਨੂੰ ਵਾਜਬ ਰੇਟ ਤੇ ਮਸ਼ੀਨਰੀ ਉਪਲੱਬਧ ਕਰਵਾਉਣ ਲਈ ਸਬੰਧਤ ਵਿਭਾਗ ਨੂੰ ਸਖਤ ਆਦੇਸ਼ ਦਿੱਤੇ ਗਏ ਹਨ, ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਐਸ.ਡੀ.ਐਮ. ਨੇ ਕਿਹਾ ਕਿ ਝੋਨੇ ਦੀ ਕਟਾਈ ਤੋਂ ਬਾਅਦ ਰਹਿੰਦ-ਖੂੰਹਦ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਦੇ ਸਿੱਟੇ ਵਜੋਂ ਜਿੱਥੇ ਮਿੱਟੀ ਦੀ ਉਪਜਾਊ ਸ਼ਕਤੀ ਘੱਟਦੀ ਹੈ, ਉਥੇ ਹੀ ਇਸ ਤੋਂ ਜ਼ਹਿਰੀਲਾ ਧੂੰਆ ਪੈਦਾ ਹੁੰਦਾ ਹੈ ਜੋ ਕਿ ਮਨੁੱਖਾਂ ਅਤੇ ਜੀਵਾਂ ਲਈ ਕਾਫ਼ੀ ਹਾਨੀਕਾਰਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਖੇਤਾਂ ਵਿੱਚ ਰਹਿੰਦ-ਖੂੰਹਦ ਨੂੰ ਅੱਗ ਲਗਾਉਂਦੇ ਹਾਂ, ਤਾਂ ਉਸ ਕਾਰਨ ਆਲੇ-ਦੁਆਲੇ ਦਰੱਖਤਾਂ ਨੂੰ ਵੀ ਅੱਗ ਲੱਗ ਜਾਂਦੀ ਹੈ, ਜਿਸ ਨਾਲ ਵਾਤਾਵਰਨ ਦਾ ਕਾਫ਼ੀ ਨੁਕਸਾਨ ਹੁੰਦਾ ਹੈ।ਕਈ ਵਾਰ ਦਰੱਖਤਾਂ ’ਤੇ ਪੰਛੀਆਂ ਨੇ ਆਲ੍ਹਣੇ ਬਣਾਏ ਹੁੰਦੇ ਹਨ, ਜਿਸ ਵਿੱਚ ਪੰਛੀ ਅਤੇ ਉਨ੍ਹਾਂ ਦੇ ਛੋਟੇ ਬੱਚੇ ਹੁੰਦੇ ਹਨ, ਉਹ ਵੀ ਇਸ ਅੱਗ ਦੀ ਚਪੇਟ ਵਿੱਚ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਸਾਫ਼-ਸੁਥਰੇ ਵਾਤਾਵਰਣ ਵਿੱਚ ਹੀ ਅਸੀਂ ਬਿਮਾਰੀ ਰਹਿਤ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਗਾਮੀ ਸੀਜ਼ਨ ਦੌਰਾਨ ’ਜ਼ੀਰੋ ਸਟਬਲ ਬਰਨਿੰਗ’ ਵਾਲੇ ਪਿੰਡਾਂ ਅਤੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਜਾਵੇਗਾ ਤਾਂ ਜੋ ਹੋਰ ਕਿਸਾਨ ਵੀ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਪਰਾਲੀ ਦਾ ਸਹੀ ਨਿਪਟਾਰਾ ਕਰ ਸਕਣ। ਐਸ.ਡੀ.ਐਮ. ਜਯੋਤਸਨਾ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਕਿਸਾਨ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੀ ਗਲਤੀ ਨਾਂ ਕਰੇ ਅਤੇ ਜੇਕਰ ਕਿਸੇ ਕਿਸਾਨ ਨੇ ਅਜਿਹੀ ਗਲਤੀ ਕੀਤੀ ਤਾਂ ਪ੍ਰਸਾਸ਼ਨ ਵਲੋਂ ਐਨ.ਜੀ.ਟੀ. ਦੀਆਂ ਹਦਾਇਤਾਂ ਤਹਿਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਅਤੇ ਕਾਨੂੰਨੀ ਕਾਰਵਾਈ ਸਮੇਤ ਉਸ ਨੂੰ ਮਿਲਣ ਵਾਲੀਆਂ ਸਾਰੀਆਂ ਹੀ ਸਰਕਾਰੀ ਸਹੂਲਤਾਂ ਬੰਦ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਵਾਰ ਕੋਈ ਵੀ ਮੁਆਫੀ ਨਹੀਂ ਹੋਵੇਗੀ ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਵਾਤਾਵਰਨ ਦੀ ਸੰਭਾਲ ਲਈ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾਂ ਲਗਾਉਣ ਅਤੇ ਜਿੰਮੇਵਾਰ ਨਾਗਰਿਕ ਦੀ ਭੂਮਿਕਾ ਅਦਾ ਕਰਨ।